ਪੱਤਰ ਪ੍ਰੇਰਕ
ਰਤੀਆ, 9 ਅਗਸਤ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਖੇਤੀ ਬਚਾਓ ਸੰਘਰਸ਼ ਕਮੇਟੀ ਵੱਲੋਂ ਦਿੱਲੀ ਵਿਚ ਕਿਸਾਨ ਸੰਸਦ ਲਈ 13ਵਾਂ ਕਿਸਾਨੀ ਜਥਾ ਗੁਰਦੁਆਰਾ ਅਜੀਤਸਰ ਤੋਂ ਰਵਾਨਾ ਕੀਤਾ ਗਿਆ। ਇਸ ਜਥੇ ’ਚ ਸਤਵਿੰਦਰ ਸਿੰਘ, ਨਛੱਤਰ ਸਿੰਘ ਰਤੀਆ ਅਤੇ ਹਰਬੰਸ ਸਿੰਘ ਮਲਕਪੁਰ ਆਦਿ ਵੀ ਸ਼ਾਮਲ ਸਨ। ਇਸ ਮੌਕੇ ਗੁਰੂ ਘਰ ਦੇ ਸੇਵਾਦਾਰ ਨੇ ਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸ ਕਰ ਕੇ ਇਹ ਜਥਾ ਰਵਾਨਾ ਕੀਤਾ ਗਿਆ। ਇਸ ਮੌਕੇ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਵਾਲੇ ਕਿਸਾਨ ਯੋਧਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਆ ਵੀ ਗਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਹਰ ਵਰਗ ’ਤੇ ਮਾੜਾ ਅਸਰ ਪਵੇਗਾ ਕਿਉਂਕਿ ਕਿਸਾਨੀ ਦੇਸ਼ ਦੀ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਜੇ ਕਿਸਾਨੀ ਖ਼ਤਮ ਹੋ ਗਈ ਤਾਂ ਦੇਸ਼ ਬੁਰੀ ਤਰ੍ਹਾਂ ਤਬਾਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਸਭ ਕੁਝ ਅੰਬਾਨੀਆਂ-ਅਡਾਨੀਆਂ ਨੂੰ ਸੌਂਪਣ ਸਦਕਾ ਜਲਦ ਦੇਸ਼ ਕੰਪਨੀਆਂ ਦਾ ਗ਼ੁਲਾਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਰੇਲਵੇ, ਪੈਟਰੋਲੀਅਮ, ਖਾਦ, ਹਵਾਈ ਅੱਡੇ, ਬੈਂਕ, ਸਿੱਖਿਆ, ਸਿਹਤ ਸਹੂਲਤਾਂ, ਦੂਰ ਸੰਚਾਰ ਆਦਿ ਨੂੰ ਨਿੱਜੀ ਹੱਥਾਂ ਵਿਚ ਸੌਂਪ ਰਹੀ ਹੈ। ਹੁਣ ਮੋਦੀ ਸਰਕਾਰ ਦੀ ਅੱਖ ਖੇਤੀ ਉੱਪਰ ਹੈ ਜਿਸ ਨੂੰ ਉਹ ਕਿਸਾਨਾਂ ਤੋਂ ਖੋਹ ਕੇ ਆਪਣੇ ਚਹੇਤਿਆਂ ਨੂੰ ਸੌਂਪਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਤੇਲ ਕੀਮਤਾਂ ਘੱਟ ਹੋਣ ਦੇ ਬਾਵਜੂਦ ਮੁਲਕ ਵਾਸੀ ਮਹਿੰਗਾ ਤੇਲ ਖ਼ਰੀਦਣ ਲਈ ਮਜਬੂਰ ਹਨ। ਕਿਸਾਨ ਆਗੂਆਂ ਨੇ ਕਿਹਾ ਕਿ 2013 ਵਿੱਚ ਤੇਲ ਦੀ ਕੀਮਤ 165 ਰੁਪਏ ਪ੍ਰਤੀ ਬੈਰਲ ਸੀ ਅਤੇ ਉਦੋਂ ਤੇਲ ਦੀਆਂ ਕੀਮਤਾਂ 56 ਰੁਪਏ ਪ੍ਰਤੀ ਲਿਟਰ ਦੇ ਲਗਭਗ ਸਨ।
ਇਸ ਮੌਕੇ ਜਥੇ ਦੀ ਰਵਾਨਗੀ ਸਮੇਂ ਰਾਜਵਿੰਦਰ ਚਹਿਲ, ਇਕਬਾਲ ਸਿੰਘ ਖੋਖਰ, ਸਾਬਕਾ ਸਰਪੰਚ ਬਲਵਿੰਦਰ ਸਿੰਘ ਖੋਖਰ, ਕੇਵਲ ਸਿੰਘ ਧਾਲੀਵਾਲ, ਜਸਪਾਲ ਪਾਲੀ ਅਤੇ ਤੇਜਿੰਦਰ ਸਿੰਘ ਔਜਲਾ ਆਦਿ ਵੀ ਹਾਜ਼ਰ ਸਨ।