ਪੱਤਰ ਪ੍ਰੇਰਕ
ਯਮੁਨਾਨਗਰ, 14 ਜੂਨ
ਲੰਘੀ ਰਾਤ ਔਰੰਗਾਬਾਦ ਬਾਈਪਾਸ ਨੇੜੇ ਬੱਸ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ ਕਾਰਨ ਇਕ ਯਾਤਰੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਅੱਧੀ ਦਰਜਨ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ । ਘਟਨਾ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਟਰੱਕ ਛੱਡ ਕੇ ਫਰਾਰ ਹੋ ਗਿਆ । ਪੁਲੀਸ ਨੇ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ । ਬੱਸ ਦੀਆਂ ਸਵਾਰੀਆਂ ਨੇ ਦੱਸਿਆ ਕਿ ਟਰੱਕ ਟੁੱਟੇ ਸ਼ੀਸ਼ੇ ਨਾਲ ਭਰਿਆ ਹੋਇਆ ਸੀ ਅਤੇ ਟਰੱਕ ਡਰਾਈਵਰ ਟਰੱਕ ਨੂੰ ਸੜਕ ਦੇ ਵਿਚਕਾਰੋਂ ਮੋੜ ਰਿਹਾ ਸੀ ਜਿਸ ਕਰਕੇ ਬੱਸ ਦੀ ਟੱਕਰ ਹੋ ਗਈ । ਹਾਦਸੇ ਵਿੱਚ ਬੱਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਅਤੇ ਬੱਸ ਵਿੱਚ ਸਵਾਰ ਵਿਜੇ ਨਾਮੀ ਯਾਤਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ। ਇੱਕ ਸਵਾਰੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ । ਜ਼ੀਰਕਪੁਰ ਤੋਂ ਯੂਪੀ ਦੇ ਬਦਾਯੂੰ ਸ਼ਹਿਰ ਨੂੰ ਜਾ ਰਹੀ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਸਵਾਰੀਆਂ ਮੁਤਾਬਕ ਜ਼ੋਰਦਾਰ ਧਮਾਕੇ ਨਾਲ ਬੱਸ ਵਿੱਚ ਬੈਠੀਆਂ ਸਵਾਰੀਆਂ ਖਿੜਕੀਆਂ ਵਿੱਚੋਂ ਬਾਹਰ ਡਿੱਗ ਪਈਆਂ। ਇਸ ਦੌਰਾਨ ਬੱਸ ਵਿੱਚ ਚੀਕ ਚਿਹਾੜਾ ਮਚ ਗਿਆ। ਯਮੁਨਾਨਗਰ ਸਦਰ ਥਾਣੇ ਦੇ ਇੰਚਾਰਜ ਸੁਭਾਸ਼ ਚੰਦਰ ਨੇ ਦੱਸਿਆ ਕਿ ਜੇਸੀਬੀ ਦੀ ਮਦਦ ਨਾਲ ਸੜਕ ’ਤੇ ਪਏ ਸ਼ੀਸ਼ੇ ਨੂੰ ਹਟਾ ਕੇ ਜਾਮ ਨੂੰ ਖੁੱਲ੍ਹਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੜਕ ਹਾਦਸੇ ਵਿੱਚ ਔਰਤ ਦੀ ਮੌਤ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਇੱਥੇ ਸੜਕ ਦੁਰਘਟਨਾ ਵਿਚ ਇਕ ਮਹਿਲਾ ਦੀ ਮੌਤ ਹੋ ਗਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਮਨਕਾ ਨਿਵਾਸੀ ਅਸ਼ੋਕ ਕੁਮਾਰ ਨੇ ਕਿਹਾ ਹੈ ਕਿ ਉਹ ਆਪਣੀ ਪਤਨੀ ਮੀਨਾ ਦੇਵੀ ਤੇ ਦੋ ਬੱਚਿਆਂ ਨਾਲ ਮੋਟਰਸਾਈਕਲ ਤੇ ਆਪਣੇ ਸਹੁਰੇ ਜਾ ਰਿਹਾ ਸੀ। ਜਿਵੇਂ ਹੀ ਉਹ ਪਿੰਡ ਨਲਵੀ ਪੁੱਜਿਆ ਤਾਂ ਮੋਟਰਸਾਈਕਲ ਇਕ ਪਾਸੇ ਖੜ੍ਹਾ ਕਰਕੇ ਮਠਿਆਈ ਲੈਣ ਲੱਗਿਆ। ਉਸ ਦੀ ਪਤਨੀ ਮੀਨਾ ਦੇਵੀ ਮੋਟਰਸਾਈਕਲ ਕੋਲ ਖੜ੍ਹੀ ਸੀ ਕਿ ਇਕ ਤੇਜ਼ ਰਫ਼ਤਾਰ ਟਰੱਕ ਨੇ ਉਸ ਦੀ ਪਤਨੀ ਨੂੰ ਸਿੱਧੀ ਟੱਕਰ ਮਾਰ ਦਿੱਤੀ। ਉਸ ਦੀ ਪਤਨੀ ਸਿਰ ਭਾਰ ਥੱਲੇ ਡਿਗ ਪਈ। ਇਸ ਦੌਰਾਨ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਸ ਨੇ ਪ੍ਰਾਈਵੇਟ ਵਾਹਨ ਰਾਹੀਂ ਪਤਨੀ ਨੂੰ ਸ਼ਾਹਬਾਦ ਦੇ ਸਰਕਾਰੀ ਹਸਪਤਾਲ ਲਿਆਂਦਾ ਜਿਥੇ ਮੁਢਲੀ ਸਹਾਇਤਾ ਦੇ ਕੇ ਉਸ ਨੂੰ ਅੰਬਾਲਾ ਕੈਂਟ ਰੈਫਰ ਕਰ ਦਿੱਤਾ। ਹਾਲਤ ਜ਼ਿਆਦਾ ਖਰਾਬ ਹੋਣ ’ਤੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਇਸ ਦੌਰਾਨ ਔਰਦ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ।