ਗੁਰੂਗ੍ਰਾਮ, 5 ਨਵੰਬਰ
ਦਿੱਲੀ ਨਾਲ ਲੱਗਦੇ ਗੁਰੂਗ੍ਰਾਮ ਦੇ ਸੈਕਟਰ-12 ਸੀਆਰਪੀਐਫ ਚੌਕ ’ਤੇ ਉਸ ਥਾਂ ਅੱਜ (ਸ਼ੁੱਕਰਵਾਰ) ਗੋਵਰਧਨ ਪੂਜਾ ਹੋਈ ਜਿੱਥੇ ਪਹਿਲਾਂ ਹਰ ਜੁਮੇ ਦੇ ਦਿਨ ਨਮਾਜ਼ ਹੁੰਦੀ ਸੀ। ਹਿੰਦੂ ਸੰਗਠਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਇਸ ਚੌਕ ’ਤੇ ਪੂਜਾ ਕੀਤੀ ਜਾਵੇਗੀ। ਏਆਈਐਮਆਈਐਮ ਮੁਖੀ ਅਸਦੂਦੀਨ ਓਵੈਸੀ ਨੇ ਕਿਹਾ ਕਿ ਇਹ ਮੁਸਲਮਾਨਾਂ ਪ੍ਰਤੀ ਸਿੱਧੀ ਨਫ਼ਰਤ ਹੈ। ਹਿੰਦੂ ਸੰਗਠਨ ਦੁਆਰਾ ਗੋਵਰਧਨ ਪੂਜਾ ਦੇ ਐਲਾਨ ਤੋਂ ਬਾਅਦ ਹੀ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਸੀ ਤੇ ਸ਼ੁੱਕਰਵਾਰ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਦੋਵਾਂ ਧਿਰਾਂ ਨਾਲ ਬੈਠਕ ਵੀ ਕੀਤੀ ਸੀ। ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਦੇ ਦਿਨ ਕਿਸੇ ਵੀ ਟਕਰਾਅ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਉੱਥੇ ਨਮਾਜ਼ ਨਾ ਪੜ੍ਹਨ ਦੀ ਗੱਲ ਤੈਅ ਹੋਈ। ਇਸ ਪੂਜਾ ਵਿਚ ਭਾਜਪਾ ਆਗੂ ਕਪਿਲ ਮਿਸ਼ਰਾ ਵੀ ਪੁੱਜੇ ਸਨ। ਦਰਅਸਲ ਇਹ ਪੂਰਾ ਮਾਮਲਾ ਸਿਰਫ਼ ਸੈਕਟਰ 12 ਦੇ ਇਸ ਚੌਕ ਨਾਲ ਨਹੀਂ ਜੁੜਿਆ ਹੈ ਬਲਕਿ ਇਹ ਗੁਰੂਗ੍ਰਾਮ ਵਿਚ 37 ਥਾਵਾਂ ਉਤੇ ਖੁੱਲ੍ਹੇ ਵਿਚ ਹੋ ਰਹੀ ਨਮਾਜ਼ ਬਾਰੇ ਹੈ। ਓਵੈਸੀ ਨੇ ਕਿਹਾ ਕਿ ਗੁੜਗਾਓਂ ਵਿਚ ਸ਼ੁੱਕਰਵਾਰ ਦੀ ਨਮਾਜ਼ ਦਾ ਵਿਰੋਧ ਇਸ ਗੱਲ ਦਾ ਸਟੀਕ ਉਦਾਹਰਨ ਹੈ ਕਿ ‘ਪ੍ਰਦਰਸ਼ਨਕਾਰੀ’ ਕਿੰਨੇ ਕੱਟੜ ਹੋ ਗਏ ਹਨ। ਇਹ ਮੁਸਲਮਾਨਾਂ ਪ੍ਰਤੀ ਸਿੱਧੀ ਨਫ਼ਰਤ ਹੈ। ਆਪਣੇ ਵਿਸ਼ਵਾਸ ਦਾ ਅਭਿਆਸ ਕਰਨਾ ਜਾਂ ਹਫ਼ਤੇ ਵਿਚ ਇਕ ਵਾਰ 15-20 ਮਿੰਟ ਲਈ ਜੁਮੇ ਦੀ ਨਮਾਜ਼ ਅਦਾ ਕਰਨਾ ਕਿਸੇ ਨੂੰ ਕਿਵੇਂ ਠੇਸ ਪਹੁੰਚਾ ਜਾ ਸਕਦਾ ਹੈ? ਇਸੇ ਦੌਰਾਨ ਮੁਸਲਿਮ ਹਮਾਇਤੀਆਂ ਨੇ ਕਿਹਾ ਹੈ ਕਿ ਆਪਸ ਵਿਚ ਗੱਲਬਾਤ ਤੋਂ ਬਾਅਦ ਤੈਅ ਹੋਇਆ ਸੀ ਉਹ 37 ਥਾਵਾਂ ’ਤੇ ਨਮਾਜ਼ ਪੜ੍ਹ ਸਕਦੇ ਹਨ ਪਰ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ ਹੈ ਕਿ ਇਹ ਗੱਲ ਸਿਰਫ਼ ਰਮਜ਼ਾਨ ਦੇ ਮਹੀਨੇ ਵਿਚ ਇਕ ਵਾਰ ਲਈ ਸੀ ਨਾ ਕਿ ਹਮੇਸ਼ਾ ਲਈ।
ਭਾਜਪਾ ਆਗੂ ਕਪਿਲ ਮਿਸ਼ਰਾ ਨੇ ਕਿਹਾ ਕਿ ਜੇਕਰ ਸਾਰੇ ਧਰਮਾਂ ਦੇ ਲੋਕ ਪੂਜਾ-ਪਾਠ ਲਈ ਸੜਕ ਬਲੌਕ ਕਰ ਦੇਣਗੇ ਤਾਂ ਕੰਮ ਕਿਵੇਂ ਚੱਲੇਗਾ। ਉਨ੍ਹਾਂ ਕਿਹਾ ਕਿ ਸੈਕਟਰ 12 ਜਿੱਥੇ ਸਾਰੇ ਆਗੂ ਜੁਟੇ ਤੇ ਗੋਵਰਧਨ ਪੂਜਾ ਹੋਈ, ਇਹ ਉਨ੍ਹਾਂ 8 ਥਾਵਾਂ ਵਿਚੋਂ ਇਕ ਹੈ ਜਿੱਥੇ ਕਾਨੂੰਨ-ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਨਮਾਜ਼ ਦੀ ਮਨਜ਼ੂਰੀ ਦਿੱਤੀ ਗਈ ਹੈ। ਹੁਣ ਇਸ ਪੂਰੇ ਮਾਮਲੇ ਨੂੰ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਤੇ ਦੋਵੇਂ ਧਿਰਾਂ ਕੀ ਨਤੀਜਾ ਕੱਢਦੀਆਂ ਹਨ ਜਿਸ ਨਾਲ ਟਕਰਾਅ ਨੂੰ ਰੋਕਿਆ ਜਾ ਸਕੇ। -ਪੀਟੀਆਈ