ਪ੍ਰਭੂ ਦਿਆਲ
ਸਿਰਸਾ, 29 ਅਪਰੈਲ
ਡੇਰਾ ਸਿਰਸਾ ਦੇ ਸਥਾਪਨਾ ਦਿਵਸ ਮੌਕੇ ਅੱਜ ਡੇਰੇ ’ਚ ਵੱਡਾ ਇਕੱਠ ਹੋਇਆ। ਇਸ ਦੌਰਾਨ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਲਿਖੀ ਗਈ ਚਿੱਠੀ ਪ੍ਰੇਮੀਆਂ ਨੂੰ ਪੜ੍ਹ ਕੇ ਸੁਣਾਈ ਗਈ, ਜਿਸ ਰਾਹੀਂ ਡੇਰੇ ਵੱਲੋਂ ਸ਼ੁਰੂ ਕੀਤੇ ਗਏ ਲੋਕ ਭਲਾਈ ਦੇ ਕਾਰਜ ਜਾਰੀ ਰੱਖਣ ਦੀ ਅਪੀਲ ਕੀਤੀ ਗਈ। ਇਸ ਚਿੱਠੀ ’ਚ ਗੁਰਮੀਤ ਰਾਮ ਰਹੀਮ ਨੇ ਖੁਦ ਹੀ ਡੇਰਾ ਮੁਖੀ ਬਣੇ ਰਹਿਣ ਦਾ ਜ਼ਿਕਰ ਵੀ ਕੀਤਾ ਹੈ। ਇਸ ਨਾਲ ਹਨੀਪ੍ਰੀਤ ਦੇ ਡੇਰਾ ਮੁਖੀ ਬਣਨ ਦੀਆਂ ਚੱਲ ਰਹੀਆਂ ਕਿਆਸਅਰਾਈਆਂ ’ਤੇ ਵਿਰਾਮ ਲੱਗ ਗਿਆ ਹੈ। ਜ਼ਿਕਰਯੋਗ ਹੈ ਕਿ ਡੇਰੇ ਦੀ ਸਥਾਪਨਾ ਸ਼ਾਹ ਮਸਤਾਨ ਵੱਲੋਂ 1948 ’ਚ ਕੀਤੀ ਗਈ ਸੀ। ਅੱਜ ਸਥਾਪਨਾ ਦਿਵਸ ਮੌਕੇ ਪੰਜਾਬ, ਹਰਿਆਣਾ ਤੇ ਰਾਜਸਥਾਨ ਸਮੇਤ ਕਈ ਸੂਬਿਆਂ ਤੋਂ ਵੱਡੀ ਗਿਣਤੀ ਡੇਰਾ ਪ੍ਰੇਮੀਆਂ ਨੇ ਇੱਥੇ ਹਾਜ਼ਰੀ ਭਰੀ। ਇਸ ਦੌਰਾਨ ਕਈ ਲੋੜਵੰਦਾਂ ਨੂੰ ਲੋੜੀਂਦੀਆਂ ਵਸਤਾਂ ਦਿੱਤੀਆਂ ਗਈਆਂ ਤੇ 29 ਜੋੜਿਆਂ ਦੇ ਵਿਆਹ ਕਰਵਾਏ ਗਏ। ਵੱਖ-ਵੱਖ ਸੂਬਿਆਂ ਤੋਂ ਆਏ ਡੇਰਾ ਪ੍ਰੇਮੀਆਂ ਕਾਰਨ ਕਈ ਸੜਕਾਂ ’ਤੇ ਜਾਮ ਲੱਗੇ ਰਹੇ। ਆਵਾਜਾਈ ਸੁਚਾਰੂ ਢੰਗ ਨਾਲ ਚੱਲਦੀ ਰੱਖਣ ਲਈ ਡੇਰਾ ਪ੍ਰੇਮੀਆਂ ਨੇ ਖੁਦ ਕਮਾਨ ਸੰਭਾਲੀ। ਜ਼ਿਕਰਯੋਗ ਹੈ ਕਿ ਜਬਰ-ਜਨਾਹ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ’ਚ ਡੇਰਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਿਹਾ ਹੈ। ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਮੁੜ ਤੋਂ ਡੇਰੇ ਵਿੱਚ ਵੱਡੇ ਇਕੱਠ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਰ ਵੱਡੇ ਇਕੱਠ ਦੌਰਾਨ ਡੇਰਾ ਮੁਖੀ ਵੱਲੋਂ ਸੰਗਤ ਦੇ ਨਾਂ ਚਿੱਠੀ ਲਿਖੀ ਜਾਂਦੀ ਹੈ, ਜੋ ਪ੍ਰਬੰਧਕਾਂ ਵੱਲੋਂ ਪੜ੍ਹ ਕੇ ਸੁਣਾਈ ਜਾਂਦੀ ਹੈ।