ਪੱਤਰ ਪ੍ਰੇਰਕ
ਪੰਚਕੂਲਾ, 24 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਬਾਅਦ ਦੁਪਹਿਰ ਪੰਚਕੂਲਾ ਦੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਭ ਦੇ ਸਹਿਯੋਗ ਨਾਲ ਹਰਿਆਣਾ ਦੀ ਐੱਸਜੀਪੀਸੀ ਬਣੇਗੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਹਰਿਆਣਾ ਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਹਰਿਆਣਾ ਸੂਬੇ ਲਈ ਵੱਖਰੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਗਠਨ ਦੇ ਹੱਕ ਵਿੱਚ ਵਿੱਚ ਜੋ ਫ਼ੈਸਲਾ ਸੁਣਾਇਆ ਹੈ, ਉਹ ਹਰਿਆਣਾ ਦੇ ਸਿੱਖਾਂ ਦੀ ਵਿਚਾਰਕ ਜਿੱਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੇ ਅੱਠ ਸਾਲਾਂ ’ਚ ਜਦੋਂ ਤੱਕ ਕੋਰਟ ਵਿੱਚ ਕੇਸ ਚੱਲਿਆ, ਉਦੋਂ ਤੋਂ ਲੈ ਕੇ ਹੁਣ ਤੱਕ ਚੰਗੀ ਪੈਰਵੀ ਕੀਤੀ ਹੈ।
ਸ੍ਰੀ ਖੱਟਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੂਰਾ ਸਿੱਖ ਸਮਾਜ ਏਕਤਾ ਤੇ ਭਾਈਚਾਰੇ ਦੀ ਭਾਵਨਾ ਨਾਲ ਚੱਲੇਗਾ ਅਤੇ ਸਮਾਜ ਦੇ ਹਿੱਤ ਲਈ ਵਧੀਆ ਕੰਮ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰੀ ਬਰਸਾਤ ਕਾਰਨ ਹਰਿਆਣਾ ਦੇ ਕਿਸਾਨਾਂ ਦਾ ਜਿਹੜਾ ਫਸਲੀ ਨੁਕਸਾਨ ਹੋਇਆ ਹੈ, ਉਸ ਦਾ ਸਰਵੇ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਮੌਕੇ ਗੁਰਦੁਆਰਾ ਨਾਢਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ, ਹੈੱਡ ਗ੍ਰੰਥੀ ਜਗਜੀਤ ਸਿੰਘ, ਮੁੱਖ ਮੰਤਰੀ ਦੇ ਮੀਡੀਆ ਕੁਆਰਡੀਨੇਟਰ ਰਮਨੀਕ ਸਿੰਘ ਮਾਨ, ਅਕਾਲੀ ਆਗੂ ਡਾ. ਹਰਨੇਕ ਸਿੰਘ ਹਰੀ, ਮਲਵਿੰਦਰ ਸਿੰਘ ਬੇਦੀ, ਭਾਜਪਾ ਦੇ ਪੰਚਕੂਲਾ ਜ਼ਿਲ੍ਹਾ ਪ੍ਰਧਾਨ ਅਜੈ ਸ਼ਰਮਾ ਅਤੇ ਪੰਚਕੂਲਾ ਜ਼ਿਲ੍ਹਾ ਤੋਂ ਭਾਜਪਾ ਦੇ ਕਈ ਆਗੂ ਸ਼ਾਮਲ ਸਨ।