ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ 8 ਸਤੰਬਰ
ਹਰਿਆਣਾ ਰਾਜ ਭਵਨ ਚੰਡੀਗਡ ਵਿੱਚ ਰਾਜਪਾਲ ਬੰਡਾਰੂ ਦੱਤਾਤ੍ਰੇਅ ਦੀ ਪ੍ਰਧਾਨਗੀ ਹੇਠ ਭਾਰਤੀ ਰੈੱਡ ਕਰਾਸ ਸੁਸਾਇਟੀ ਵੱਲੋਂ ਹਰਿਆਣਾ ਦੀ 34ਵੇਂ ਸਾਲਾਨਾ ਮਹਾਸਭਾ ਕਰਵਾਈ ਗਈ। ਇਸ ਦੌਰਾਨ ਸਮਾਜ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲਿਆਂ ਨੂੰ ਸੂਬਾ ਪੱਧਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਿਆਣਾ ਪੁਲੀਸ ਦੇ ਏਐੱਸਆਈ ਡਾ. ਅਸ਼ੋਕ ਕੁਮਾਰ ਵਰਮਾ ਨੂੰ ਸਾਲ 2019-20 ਦੌਰਾਨ ਸਭ ਤੋਂ ਵੱਧ ਖੂਨਦਾਨ ਕਰਨ ਲਈ ਹਰਿਆਣਾ ਦੇ ਰਾਜਪਾਲ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ।
ਜ਼ਿਕਰਯੋਗ ਹੈ ਕਿ ਡਾ. ਵਰਮਾ 150 ਵਾਰ ਖੂਨਦਾਨ ਕਰ ਚੁੱਕੇ ਹਨ ਜਿਸ ਵਿੱਚ ਉਹ 68 ਵਾਰ ਪਲੇਟਲੈਟਸ ਵੀ ਦਾਨ ਕਰ ਕੇ ਲੋਕਾਂ ਦੀ ਕੀਮਤੀ ਜਾਨ ਬਚਾਅ ਚੁੱਕੇ ਹਨ। ਉਹ ਹੁਣ ਤੱਕ 417 ਸਵੈ ਇੱਛਾ ਖੂਨਦਾਨ ਕੈਂਪ ਲਾ ਚੁੱਕੇ ਹਨ ਜਿਸ ਦਾ ਲਾਭ 48681 ਲੋਕਾਂ ਨੂੰ ਮਿਲਿਆ ਹੈ। ਉਨ੍ਹਾਂ ਨੂੰ 26 ਜਨਵਰੀ 2020 ਨੂੰ ਪੁਲੀਸ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਰਾਸ਼ਟਰਪਤੀ ਐਵਾਰਡ ਵੀ ਮਿਲਿਆ ਸੀ।