ਪਿਹੋਵਾ: ਇਨੈਲੋ ਸੁਪਰੀਮੋ ਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਨਹੀਂ, ਸਗੋਂ ਤਾਨਾਸ਼ਾਹੀ ਦਾ ਰਾਜ ਹੈ। ਬ੍ਰਿਟਿਸ਼ ਰਾਜ ਨੂੰ ਦੁਹਰਾਉਂਦਿਆਂ ਕੇਂਦਰ ਦੀ ਭਾਜਪਾ ਸਰਕਾਰ ਨੇ ਦੁਬਾਰਾ ਜਵਾਨ ਤੇ ਕਿਸਾਨ ਨੂੰ ਆਹਮੋ-ਸਾਹਮਣੇ ਲਿਆਂਦਾ ਹੈ। ਸ੍ਰੀ ਚੌਟਾਲਾ ਅੰਬਾਲਾ ਰੋਡ ’ਤੇ ਸਾਬਕਾ ਮੰਤਰੀ ਮਰਹੂਮ ਜਸਵਿੰਦਰ ਸਿੰਘ ਸੰਧੂ ਦੇ ਬੇਟੇ ਗਗਨਜੋਤ ਸੰਧੂ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਧਿਆਨ ਲੋਕ ਹਿੱਤਾਂ ਵੱਲ ਘੱਟ ਤੇ ਲੁੱਟ-ਖਸੁੱਟ ਕਰਨ ਵੱਲ ਵੱਧ ਹੈ ਤੇ ਇਨ੍ਹਾਂ ਨੀਤੀਆਂ ਕਾਰਨ ਹੀ ਅੱਜ ਦੇਸ਼ ਤੇ ਸੂਬਾ ਕਰਜ਼ੇ ਵਿੱਚ ਡੁੱਬਾ ਹੋਇਆ ਹੈ। ਕਿਸਾਨ ਪਿਛਲੇ ਨੌਂ ਮਹੀਨਿਆਂ ਤੋਂ ਸੜਕਾਂ ’ਤੇ ਧੱਕੇ ਖਾ ਰਹੇ ਹਨ ਤੇ ਸਰਕਾਰ ਜਾਇਦਾਦਾਂ ਦੀ ਨਿਲਾਮੀ ਵਿੱਚ ਰੁਝੀ ਹੋਈ ਹੈ। ਉਨ੍ਹਾਂ ਕਿਹਾ ਕਿ ਧਰਮ ਅਤੇ ਜਾਤ ਦੇ ਨਾਂ ’ਤੇ ਲੋਕਾਂ ਨੂੰ ਲੜਾ ਕੇ ਸਿਆਸੀ ਏਜੰਡੇ ਪੂਰੇ ਕੀਤੇ ਜਾ ਰਹੇ ਹਨ। ਇਸ ਮੌਕੇ ਪ੍ਰਬੰਧਕ ਗਗਨਜੋਤ ਸਿੰਘ ਸੰਧੂ ਨੇ ਓਮ ਪ੍ਰਕਾਸ਼ ਚੌਟਾਲਾ ਨੂੰ ਤਲਵਾਰ ਭੇਟ ਕਰਕੇ ਸਨਮਾਨਿਆ। -ਪੱਤਰ ਪ੍ਰੇਰਕ