ਮਹਾਵੀਰ ਮਿੱਤਲ
ਜੀਂਦ, 10 ਅਪਰੈਲ
ਇਨੈਲੋ ਆਗੂ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਸਾਨਾਂ ਨਾਲ ਹਮਦਰਦੀ ਜਤਾ ਕੇ ਕਿਸਾਨਾਂ ਦੇ ਵੋਟ ਹਾਸਲ ਕੀਤੇ ਪਰ ਭਾਜਪਾ ਦੇ ਸੱਤਾ ਵਿੱਚ ਆਉਣ ਮਗਰੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਫ਼ਸਲ ਦਾ ਲਾਗਤ ਮੁੱਲ ਤੋਂ 50 ਫ਼ੀਸਦ ਵੱਧ ਦੇਣ ਦਾ ਕੀਤਾ ਵਾਅਦਾ ਭੁੱਲੀ ਤਾਂ ਹੈ ਹੀ, ਸਗੋਂ ਭਾਜਪਾ ਨੇ ਸੱਤਾ ਵਿੱਚ ਆਉਣ ਮਗਰੋਂ ਕਿਸਾਨਾਂ ਉੱਤੇ ਖੇਤੀ ਦੇ ਨਵੇਂ ਤਿੰਨ ਕਾਨੂੰਨ ਹੋਰ ਥੋਪ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਲੋਕੀ ਕਰੋਨਾ ਮਹਾਮਾਰੀ ਤੋਂ ਨਿਪਟ ਰਹੇ ਨੇ, ਉੱਥੇ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਕਾਰਪੋਰੇਟ ਵਿੱਚ ਇਜਾਫਾ ਕਰ ਰਹੇ ਹਨ। ਚੌਟਾਲਾ ਨੇ ਕਿਹਾ ਕਿ ਸਰਕਾਰ ਕਿਸਾਨ ਅਤੇ ਆੜ੍ਹਤੀਏ ਦਾ ਰਿਸ਼ਤਾ ਖਤਮ ਕਰਨਾ ਚਾਹੁੰਦੀ ਹੈ।
ਅਭੈ ਸਿੰਘ ਚੌਟਾਲਾ ਪਿੰਡ ਧਮਤਾਨ ਸਾਹਿਬ ਦੀ ਬੀਘਾ ਪੱਤੀ ਚਬੂਤਰੇ ਉੱਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਪਿੰਡ ਦੇ ਮੋਹਤਵਾਰਾਂ ਨੇ ਚੌਟਾਲਾ ਦਾ ਪੱਗੜੀ ਪਹਿਣਾ ਕੇ ਸਵਾਗਤ ਕੀਤਾ। ਚੌਟਾਲਾ ਨੇ ਕਿਹਾ ਕਿ ਡੀਏਪੀ ਦੇ ਰੇਟ ਵਿੱਚ ਵਾਧਾ ਕਰਕੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਚੌਟਾਲਾ ਨੇ ਉਪ ਮੁੱਖ ਮੰਤਰੀ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੌਧਰੀ ਦੇਵੀ ਲਾਲ ਦੀ ਨੀਤੀਆਂ ਦਾ ਵਿਖਿਆਨ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਪਰ ਅੱਜ ਲੋਕਾਂ ਵਿੱਚ ਇੰਨਾ ਗੁੱਸਾ ਹੈ ਕਿ ਇਹ ਆਗੂ ਬਗੈਰ ਪੁਲੀਸ ਫੋਰਸ ਤੋਂ ਕਿਧਰੇ ਆ ਜਾ ਨਹੀਂ ਸਕਦੇ। ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਅਨੇਕਾਂ ਹੀ ਪ੍ਰੋਗਰਾਮ ਬਣਾਏ ਪਰ ਕਿਸਾਨਾਂ ਦੇ ਵਿਰੋਧ ਦੇ ਚਲਦੇ ਪ੍ਰੋਗਰਾਮ ਰੱਦ ਕਰਨੇ ਪਏ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਦੇ ਗ੍ਰਹਿ ਮੰਤਰੀ ਗਲਤ ਭਾਸ਼ਾ ਬੋਲ ਕੇ ਪ੍ਰਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਪਰ ਪ੍ਰਦੇਸ਼ ਦਾ ਕਿਸਾਨ ਇਸ ਭਾਈਚਾਰੇ ਨੂੰ ਕਦੀ ਟੁੱਟਣ ਨਹੀਂ ਦੇਵੇਗਾ।
ਚੌਟਾਲਾ ਨੇ ਬਗੈਰ ਨਾਮ ਲਏ ਕਿਹਾ ਕਿ ਇੱਕ ਵਾਰ ਫਿਰ ਕਿਸੇ ਨੂੰ ਰਾਜ ਕੁਮਾਰ ਸੈਣੀ ਨਹੀਂ ਬਣਨ ਦਿੱਤਾ ਜਾਵੇਗਾ।
‘ਕਿਸਾਨਾਂ ਤੇ ਆੜ੍ਹਤੀਆਂ ਦੇ ਨਾਂ ’ਤੇ ਹੋ ਰਹੀ ਹੈ ਰਾਜਨੀਤੀ’
ਜੀਂਦ: ਜਜਪਾ ਕਿਸਾਨ ਸੈੱਲ ਦੇ ਪ੍ਰਧਾਨ ਗਿਆਨੀ ਤਾਰਖਾਂ ਅਤੇ ਹਰੀਕੇਸ਼ ਕਾਬਰਛਾਂ ਨੇ ਕਿਹਾ ਹੈ ਕਿ ਕਣਕ ਦੀ ਖਰੀਦ ਵਿੱਚ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਕਿਸਾਨ ਅਤੇ ਆੜ੍ਹਤੀਏ ਨੂੰ ਨਹੀਂ ਆ ਰਹੀ। ਕਿਸਾਨਾਂ ਅਤੇ ਆੜ੍ਹਤੀਆਂ ਦੇ ਨਾਮ ’ਤੇ ਜੋ ਰਾਜਨੀਤੀ ਹੋ ਰਹੀ ਹੈ, ਉਸਨੂੰ ਕਿਸਾਨ ਅਤੇ ਆੜ੍ਹਤੀਏ ਸਮਝਣ ਲੱਗ ਗਏ ਹਨ। ਇਸ ਵਿੱਚ ਨਾ ਤਾਂ ਕਿਸਾਨਾਂ ਨੂੰ ਫਿਕਰ ਹੋਣੀ ਚਾਹੀਦੀ ਹੈ ਤੇ ਨਾ ਹੀ ਆੜਤੀਆਂ ਨੂੰ ਕਿਉਂਕਿ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਐੱਮਐੱਸਪੀ ਮਿਲ ਰਿਹਾ ਹੈ ਤੇ ਆੜ੍ਹਤੀਆਂ ਨੂੰ ਉਨ੍ਹਾਂ ਦੀ ਆੜ੍ਹਤ ਮਿਲ ਰਹੀ ਹੈ।
ਸਾਬਕਾ ਵਿਧਾਇਕ ਵੱਲੋਂ ਖਰੀਦ ਦਾ ਜਾਇਜ਼ਾ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਲਾਡਵਾ ਦੇ ਸਾਬਕਾ ਵਿਧਾਇਕ ਡਾ. ਪਵਨ ਸੈਣੀ ਨੇ ਬਾਬੈਨ ਅਨਾਜ ਮੰਡੀ ਵਿਚ ਕਣਕ ਦੀ ਸਰਕਾਰੀ ਖਰੀਦ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਕਣਕ ਖਰੀਦ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਕਣਕ ਖਰੀਦ ਵਿਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮਨੋਹਰ ਸਰਕਾਰ ਦਾ ਉਦੇਸ਼ ਹੈ ਕਿ ਕਿਸਾਨਾਂ ਦੀ ਫਸਲ ਦਾ ਇਕ ਇਕ ਦਾਣਾ ਸਰਕਾਰੀ ਰੇਟ ’ਤੇ ਖਰੀਦਿਆ ਜਾਵੇਗਾ।