ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਅਪਰੈਲ
ਲਾਡਵਾ ਦੇ ਵਿਧਾਇਕ ਮੇਵਾ ਸਿੰਘ ਨੇ ਅੱਜ ਅਨਾਜ ਮੰਡੀ ਬਾਬੈਨ ਦਾ ਦੌਰਾ ਕਰ ਕੇ ਕਣਕ ਦੀ ਸਰਕਾਰੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਰਕਾਰੀ ਖ਼ਰੀਦ ’ਤੇ ਗਿਲ੍ਹਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਕਣਕ ਦੀ ਖ਼ਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਅੱਜ ਚਾਰ ਅਪਰੈਲ ਹੋਣ ’ਤੇ ਵੀ ਮੰਡੀ ਵਿਚ ਕਣਕ ਦਾ ਇਕ ਦਾਣਾ ਵੀ ਨਹੀਂ ਖ਼ਰੀਦਿਆ ਗਿਆ। ਉਨ੍ਹਾਂ ਕਿਹਾ ਕਿ ਮੰਡੀ ਵਿਚ ਕਣਕ ਦੀ ਖ਼ਰੀਦ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਮੇਵਾ ਸਿੰਘ ਨੇ ਕਣਕ ਖ਼ਰੀਦ ਦੇ ਸ਼ੈਡਯੂਲ ਨੂੰ ਗ਼ੈਰਜ਼ਰੂਰੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਸਿਰਫ਼ ਕਿਸਾਨਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਕਿਸਾਨ ਸ਼ੈਡਯੂਲ ਮੁਤਾਬਿਕ ਆਪਣੀ ਕਣਕ ਮੰਡੀ ਨਹੀਂ ਲਿਆ ਸਕਦਾ। ਉਨ੍ਹਾਂ ਕਿਹਾ ਕਿਸਾਨ ਕੋਲ ਕਦੇ ਮਜ਼ਦੂਰ ਨਹੀਂ ਹੁੰਦੇ ਤੇ ਕਦੇ ਫ਼ਸਲ ਦੀ ਕਟਾਈ ਲਈ ਮਸ਼ੀਨ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਿਤ ਮਾਪ ਦੰਡ ਕਿਸਾਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਦੀ ਪੈਦਾਵਾਰ ’ਤੇ ਗੁਣਵੱਤਾ ਪੂਰੀ ਤਰ੍ਹਾਂ ਮੌਸਮ ’ਤੇ ਨਿਰਭਰ ਹੈ ਅਜਿਹੇ ਵਿਚ ਨਵੇਂ ਨਿਯਮ ਥੋਪਣਾ ਕਿਸਾਨਾਂ ਨਾਲ ਧੱਕਾ ਹੈ।
ਮੇਵਾ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰ ਵਿਚ ਪ੍ਰਭਾਵਸ਼ਾਲੀ ਨੇਤਾ ਆਪਣੇ ਚਹੇਤਿਆਂ ਨੂੰ ਸਰਕਾਰੀ ਠੇਕੇ ਦੇ ਕੇ ਸਰਕਾਰ ਨੂੰ ਲੁੱਟਣ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੰਡੀਆਂ ਵਿਚ ਸਫ਼ਾਈ ਦਾ ਠੇਕਾ ਕਿਸ ਨੂੰ ਦਿੱਤਾ ਹੋਇਆ ਹੈ ਉਨ੍ਹਾਂ ਦਾ ਨਾਂ ਅਧਿਕਾਰੀਆਂ ਤੇ ਮੰਡੀ ਦੇ ਵਪਾਰੀਆਂ ਤਕ ਨੂੰ ਪਤਾ ਨਹੀਂ।
ਉਨ੍ਹਾਂ ਨੇ ਸਰਕਾਰ ਤੋਂ ਮੰਡੀ ਵਿਚ ਸਫ਼ਾਈ ਵਿਵਸਥਾ ਦਰੁਸਤ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਮੰਡੀ ਪ੍ਰਧਾਨ ਲਾਭ ਸਿੰਘ, ਜੈ ਪਾਲ, ਨਾਥੀ ਰਾਮ ਸੈਣੀ, ਸੰਜੇ ਸ਼ਰਮਾ, ਲਾਭ ਸਿੰਘ ਢਾਂਡਾ, ਮੋਹਨ ਗੋਇਲ, ਭੀਮ ਸਿੰਘ, ਬਲਬੀਰ ਰਾਮ ਪੁਰ ਆਦਿ ਮੌਜੂਦ ਸਨ।