ਪੱਤਰ ਪ੍ਰੇਰਕ
ਡੱਬਵਾਲੀ, 26 ਜੁਲਾਈ
ਇੱਥੋਂ ਦੇ ਆੜ੍ਹਤੀਏ ਕੋਲੋਂ ਕੈਨੇਡਾ ਦੇ ਇੱਕ ਮੋਬਾਈਲ ਨੰਬਰ ਤੋਂ ਵੱਟਸਐਪ ਕਾਲ ਤੇ ਮੈਸੇਜ ਜ਼ਰੀਏ ਦਸ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਫਿਰੌਤੀ ਦੀ ਰਕਮ ਨਾ ਦੇਣ ’ਤੇ ਉਸ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਫੋਨ ’ਤੇ ਧਮਕੀ ਦੇਣ ਵਾਲੇ ਨੇ ਖੁਦ ਨੂੰ ਗੋਲਡੀ ਬਰਾੜ ਦੱਸਿਆ ਹੈ। ਪੀੜਤ ਵਪਾਰੀ ਸ਼ਾਮ ਲਾਲ ਜਿੰਦਲ ਨੇ ਫਿਰੌਤੀ ਮੰਗਣ ਅਤੇ ਧਮਕੀ ਦੀ ਸ਼ਿਕਾਇਤ ਸਿਟੀ ਪੁਲੀਸ ਕੋਲ ਕੀਤੀ ਹੈ। ਪੁਲੀਸ ਨੇ ਵਪਾਰੀ ਦੀ ਰਿਹਾਇਸ਼ ਅਤੇ ਦੁਕਾਨ ’ਤੇ ਸੁਰੱਖਿਆ ਲਗਾ ਦਿੱਤੀ ਹੈ। ਸ਼ਾਮ ਲਾਲ ਜਿੰਦਲ ਮੁਤਾਬਕ ਬੀਤੇ ਦਿਨ ਦੁਪਿਹਰ 2.48 ਵਜੇ ਉਸ ਦੇ ਮੋਬਾਈਲ ਨੰਬਰ ’ਤੇ ਕੈਨੇਡਾ ਦੇ ਨੰਬਰ ਤੋਂ ਵੱਟਸਐਪ ਕਾਲ ਆਈ। ਇਸ ਵਿੱਚ ਰੋਹਤਕੀ ਭਾਸ਼ਾ ਵਿੱਚ ਉਸ ਤੋਂ ਫਿਰੌਤੀ ਮੰਗੀ ਗਈ ਤੇ ਧਮਕੀ ਦਿੱਤੀ ਹੈ। ਇਸ ਸਬੰਧੀ ਸਿਟੀ ਪੁਲੀਸ ਦੇ ਮੁਖੀ ਸੱਤਿਆਵਾਨ ਨੇ ਕਿਹਾ ਕਿ ਮਾਮਲੇ ਦੀ ਸਾਈਬਰ ਕ੍ਰਾਈਮ ਸੈੱਲ ਜ਼ਰੀਏ ਪੜਤਾਲ ਕੀਤੀ ਜਾ ਰਹੀ ਹੈ।