ਪੱਤਰ ਪ੍ਰੇਰਕ
ਟੋਹਾਣਾ, 11 ਜੁਲਾਈ
ਇਥੋਂ ਦੇ ਥਾਣਾ ਭੂਨਾ ਅਧੀਨ ਪੈਂਦੇ ਇਕ ਪਿੰਡ ਦੀਆਂ ਦੋ ਨਾਬਾਲਗ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਭੇਦਭਰੀ ਹਾਲਤ ਵਿੱਚ ਗੁੰਮ ਹੋਣ ’ਤੇ ਮਾਪੇ ਤੇ ਪਿੰਡ ਵਾਸੀ ਪਰੇਸ਼ਾਨ ਹੋ ਗਏ। ਭੂਨਾ ਪੁਲੀਸ ਨੂੰ ਸੂਚਨਾ ਦਿੱਤੇ ਜਾਣ ਤੇ ਦੋ ਲੜਕੀਆਂ ਦੇ ਮੋਬਾਈਲ ਨੂੰ ਜ਼ਿਲ੍ਹਾ ਪੁਲੀਸ ਆਈਟੀ ਸੈੱਲ ਵੱਲੋਂ ਟਰੇਸ ਕਰਨ ’ਤੇ ਉਨ੍ਹਾਂ ਦੀ ਲੋਕੇਸ਼ਨ ਉਤਰਾਖੰਡ ਦੇ ਰਿਸ਼ੀਕੇਸ਼ ਵਿੱਚ ਮਿਲੀ। ਇਕ ਲੜਕੀ ਦੇ ਮੋਬਾਈਲ ਤੇ ਘੰਟੀ ਚਲੀ ਜਾਣ ਤੇ ਮਾਮਲਾ ਹੱਲ ਹੋ ਗਿਆ। ਬੀਤੇ ਦਿਨ ਲੜਕੀਆਂ ਦੇ ਮਾਪੇ ਤੇ ਪੁਲੀਸ ਟੀਮ ਭੂਨਾ ਰਿਸ਼ੀਕੇਸ਼ ਪੁੱਜੀ ਤੇ ਉਥੋਂ ਦੀ ਪੁਲੀਸ ਦੀ ਮਦਦ ਨਾਲ ਕੁੜੀਆਂ ਨੂੰ ਲੱਭਣ ਵਿੱਚ ਸਫ਼ਲ ਰਹੀ। ਪੁਲੀਸ ਟੀਮ ਨੇ ਦੋਵੇਂ ਕੁੜੀਆਂ ਮਾਪਿਆ ਨੂੰ ਸੌਂਪਕੇ ਸੁੱਖ ਦਾ ਸਾਂਹ ਲਿਆ ਹੈ। ਐੱਸਐੱਚਓ ਕਪਿਲ ਸਿਹਾਗ ਨੇ ਦੱਸਿਆ ਕਿ ਦੋਵੇਂ ਕੁੜੀਆਂ ਪਰਿਵਾਰ ਨੂੰ ਬਿਨਾਂ ਦੱਸੇ ਟਿਕ-ਟੌਕ ਸਟਾਰ ਰਜਾਦ ਅਲੀ ਨੂੰ ਮਿਲਣ ਵਾਸਤੇ ਘਰੋਂ ਸਕੂਲ ਦੇ ਬਹਾਨੇ ਨਿਕਲੀਆਂ ਸਨ। ਨੇੜਲੇ ਪਿੰਡ ਤੋਂ ਨਿੱਜੀ ਬੱਸ ਤੇ ਹਿਸਾਰ ਪੁੱਜੀ ਤੇ ਹਿਸਾਰ ਤੋਂ ਰਿਸ਼ੀਕੇਸ਼ ਜਾ ਰਹੀ ਬੱਸ ਤੇ ਸਵਾਰ ਹੋ ਕੇ ਰਿਸੀਕੇਸ਼ ਪੁੱਜ ਗਈਆਂ। ਪੁਲੀਸ ਟੀਮ ਵੀ ਲੜਕੀਆਂ ਦੇ ਮੋਬਾਈਲਾਂ ਦੀ ਨਿਗਰਾਨੀ ਕਰ ਰਹੀ ਸੀ ਤੇ ਉਨ੍ਹਾਂ ਦੇ ਰਿਸ਼ੀਕੇਸ਼ ਪੁਲੀਸ ਨੂੰ ਸੂਚਨਾ ਦੇਣ ਤੇ ਅੱਗੋਂ ਰਿਸ਼ੀਕੇਸ਼ ਪੁਲੀਸ ਨੇ ਲੜਕੀਆਂ ਨੂੰ ਕਾਬੂ ਕਰ ਲਿਆ। ਭੂਨਾ ਪੁਲੀਸ ਨੇ ਲੜਕੀਆਂ ਦੇ ਮਾਪਿਆਂ ਦੇ ਉੱਥੇ ਪੁੱਜ ਜਾਣ ’ਤੇ ਦੋਵੇਂ ਲੜਕੀਆਂ ਨੂੰ ਮਹਿਲਾ ਪੁਲੀਸ ਕਰਮਚਾਰੀ ਨੇ ਉਨ੍ਹਾਂ ਨੂੰ ਸੌਂਪ ਦਿੱਤਾ।