ਰਤਨ ਸਿੰਘ ਢਿੱਲੋਂ
ਅੰਬਾਲਾ, 2 ਜੂਨ
ਅੰਬਾਲਾ ਪੁਲੀਸ ਦੀ ਸੀਆਈਏ-2 ਟੀਮ ਨੇ ਲਾਰੈਂਸ ਗਰੁੱਪ ਦੇ ਕਾਲਾ ਰਾਣਾ ਤੇ ਰਾਜੂ ਬਸੌਦੀ ਨੂੰ ਸ਼ਾਰਪ ਸ਼ੂਟਰ ਮੁਹੱਈਆ ਕਰਵਾਉਣ ਵਾਲੇ ਗੈਂਗਸਟਰ ਨਰੇਸ਼ ਸੇਠੀ ਨੂੰ ਦੋਹਰੇ ਹੱਤਿਆ ਕਾਂਡ ਸਬੰਧੀ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਦੀ ਟੀਮ ਉਸ ਨੂੰ ਭੌਂਡਸੀ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਹੈ। ਪੁਲੀਸ ਨੇ ਨਰੇਸ਼ ਸੇਠੀ ਵਾਸੀ ਝੱਜਰ ਨੂੰ ਅੰਬਾਲਾ ਛਾਉਣੀ ਦੀ ਜਗਾਧਰੀ ਰੋਡ ’ਤੇ 20 ਜਨਵਰੀ ਨੂੰ ਡੀਏਵੀ ਰਿਵਰ ਸਾਈਡ ਸਕੂਲ ਦੇ ਕੋਲ ਹੋਏ ਮੋਹਿਤ ਰਾਣਾ ਤੇ ਵਿਸ਼ਾਲ ਉਰਫ਼ ਭੋਲਾ ਹੱਤਿਆ ਕਾਂਡ ਵਿੱਚ ਗ੍ਰਿਫ਼ਤਾਰ ਕਰਕੇ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲਿਆ ਸੀ, ਜਿਸ ਮਗਰੋਂ ਅੱਜ ਅਦਾਲਤ ਵਿੱਚ ਪੇਸ਼ ਕਰਨ ’ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਰਾਣਾ ਤੇ ਭੋਲਾ ਨੂੰ ਜਿਮ ਜਾਣ ਵੇਲੇ ਤਿੰਨ ਬਦਮਾਸ਼ਾਂ ਨੇ ਸਕੂਲ ਦੇ ਲਾਗੇ ਤਾਬੜਤੋੜ ਗੋਲੀਆਂ ਵਰ੍ਹਾ ਕੇ ਮਾਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਹੇਸ਼ ਨਗਰ ਥਾਣੇ ਵਿੱਚ ਦਰਜ ਇਸ ਕੇਸ ਵਿੱਚ ਸੀਆਈਏ-2 ਅੰਬਾਲਾ ਦੀ ਟੀਮ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਮੁਲਜ਼ਮਾਂ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਸੀ ਕਿ ਮੁਲਜ਼ਮ ਨਰੇਸ਼ ਸੇਠੀ ਨੇ ਹੱਤਿਆ ਕਰਨ ਲਈ ਦੋ ਸ਼ੂਟਰ ਅਮਿਤ ਉਰਫ਼ ਮਿੱਤਾ ਤੇ ਆਕਾਸ਼ ਉਰਫ਼ ਗਿੱਟੀ ਮੁਹੱਈਆ ਕਰਵਾਏ ਸਨ। ਉਕਤ ਸ਼ੂਟਰਾਂ ਨੂੰ ਪੁਲੀਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਹੁਣ ਸੀਆਈਏ-2 ਦੀ ਟੀਮ ਸਬ-ਇੰਸਪੈਕਟਰ ਵਰਿੰਦਰ ਵਾਲੀਆ ਦੀ ਅਗਵਾਈ ਹੇਠ ਨਰੇਸ਼ ਸੇਠੀ ਨਿਵਾਸੀ ਸਿਲਾਨੀ ਗੇਟ, ਕੱਚਾ ਬਬਾਨਾ ਰੋਡ ਝੱਜਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਹੈ ਤੇ ਅੱਜ ਅਦਾਲਤ ਵਿੱਚ ਪੇਸ਼ ਕਰਨ ’ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਨਰੇਸ਼ ਗੈਂਗਸਟਰ ਅਨਿਲ ਛਿੱਪੀ ਦੇ ਸਭ ਤੋਂ ਖ਼ਾਸ ਮੈਂਬਰਾਂ ਵਿੱਚੋਂ ਇਕ ਦੱਸਿਆ ਜਾਂਦਾ ਹੈ।