ਸਰਬਜੋਤ ਸਿੰਘ ਦੁੱਗਲ
ਕਰਨਾਲ/ਸੋਨੀਪਤ, 10 ਅਗਸਤ
ਜ਼ਿਲ੍ਹਾ ਸੋਨੀਪਤ ਦੇ ਕੁੰਡਲੀ ਥਾਣਾ ਖੇਤਰ ਵਿੱਚ ਇੱਕ ਘਰ ਵਿੱਚ ਦਾਖ਼ਲ ਹੋ ਕੇ ਨਾਬਾਲਗ ਭੈਣਾਂ ਨਾਲ ਸਮੂਹਿਕ ਜਬਰ-ਜਨਾਹ ਕਰਨ ਅਤੇ ਉਨ੍ਹਾਂ ਨੂੰ ਜ਼ਹਿਰੀਲਾ ਪਦਾਰਥ ਪਿਲਾ ਕੇ ਮਾਰਨ ਦੇ ਦੋਸ਼ ਹੇਠ ਪੁਲੀਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ’ਤੇ ਬਾਕੀ ਬੱਚਿਆਂ ਸਮੇਤ ਮ੍ਰਿਤਕ ਭੈਣਾਂ ਦੀ ਮਾਂ ਨੂੰ ਮਾਰਨ ਦੀ ਧਮਕੀ ਦੇਣ ਦਾ ਦੋਸ਼ ਵੀ ਹੈ। ਮੁਲਜ਼ਮ ਅਰੁਣ ਪੰਡਤ, ਸੱਤੂ ਪੰਡਤ ਉਰਫ ਫੂਲਚੰਦ ਸਦਾ, ਰਾਮ ਸੁਹਾਗ, ਦੁਖਨ ਪੰਡਤ ਹਾਲ ਵਾਸੀ ਦਹਿਸਰਾ ਦੇ ਵਸਨੀਕ ਹਨ। ਮੁਲਜ਼ਮਾਂ ਅਤੇ ਪਰਿਵਾਰ ਨੇੇ ਪਹਿਲਾਂ ਕਿਹਾ ਸੀ ਕਿ ਦੋਵਾਂ ਭੈਣਾਂ ਦੀ ਮੌਤ ਸੱਪ ਦੇ ਡੰਗਣ ਕਾਰਨ ਹੋਈ ਹੈ ਪਰ ਪੋਸਟਮਾਰਟਮ ਦੌਰਾਨ ਡਾਕਟਰ ਨੇ ਜਬਰ ਜਨਾਹ ਤੇ ਜ਼ਹਿਰ ਕਾਰਨ ਮੌਤ ਹੋਣ ਬਾਰੇ ਖੁਲਾਸਾ ਕੀਤਾ ਅਤੇ ਪੁਲੀਸ ਨੂੰ ਸੂਚਨਾ ਦਿੱਤੀ।
ਦੋਵਾਂ ਭੈਣਾਂ ਦੀ ਮਾਂ ਨੇ ਦੱਸਿਆ ਕਿ 5 ਅਗਸਤ ਦੀ ਰਾਤ ਨੂੰ ਅਰੁਣ ਪੰਡਤ, ਸੱਤੂ ਪੰਡਤ ਉਰਫ ਫੂਲਚੰਦ ਸਦਾ, ਰਾਮ ਸੁਹਾਗ ਅਤੇ ਦੁਖਨ ਪੰਡਤ ਕਮਰੇ ਵਿੱਚ ਜਬਰੀ ਦਾਖਲ ਹੋਏ। ਉਨ੍ਹਾਂ ਆਪਣਾ ਮੂੰਹ ਢਕ ਲਿਆ ਅਤੇ ਉਸ ਦੀਆਂ ਦੋਵਾਂ ਨਾਬਾਲਗ ਧੀਆਂ ਨਾਲ ਸਮੂਹਿਕ ਜਬਰ-ਜਨਾਹ ਕੀਤਾ। ਮੁਲਜ਼ਮਾਂ ਨੇ ਉਸ ਦੀਆਂ ਦੋੋਵੇਂ ਧੀਆਂ ਨੂੰ ਜ਼ਹਿਰੀਲਾ ਪਦਾਰਥ ਪੀਣ ਲਈ ਮਜਬੂਰ ਕੀਤਾ ਤੇ ਉਸ ਨੂੰ ਅਤੇ ਬਾਕੀ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਰਾਤ ਭਰ ਕਮਰੇ ਵਿੱਚ ਰੱਖਿਆ। ਉਸ ਨੇ ਦੱਸਿਆ ਕਿ ਸਵੇਰੇ ਜਦੋਂ ਉਸ ਦੀਆਂ ਦੋਵੇਂ ਧੀਆਂ ਦੀ ਸਿਹਤ ਵਿਗੜ ਗਈ ਤਾਂ ਦਿੱਲੀ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।