ਪ੍ਰਭੂ ਦਿਆਲ
ਸਿਰਸਾ, 17 ਅਪਰੈਲ
ਭਾਵਦੀਨ ਦਾ ਜਵਾਨ ਨਿਸ਼ਾਨ ਸਿੰਘ ਕਸ਼ਮੀਰ ਦੇ ਅਨੰਤਨਾਗ ਵਿੱਚ ਬੀਤੇ ਦਿਨ ਅਤਿਵਾਦੀਆਂ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋ ਗਿਆ ਸੀ। ਸ਼ਹੀਦ ਨਿਸ਼ਾਨ ਸਿੰਘ ਦਾ ਅੱਜ ਦੁਪਹਿਰ ਬਾਅਦ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ, ਰਾਜਸੀ ਅਤੇ ਧਾਰਮਿਕ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਮੌਜੂਦ ਸਨ। ਇਸ ਮੌਕੇ ਫੌਜ ਦੀ ਟੁਕੜੀ ਨੇ ਫਾਇਰ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਸਿਰਸਾ ਦੇ ਐੱਸਡੀਐੱਮ ਜੈਵੀਰ ਯਾਦਵ ਨੇ ਸ਼ਹੀਦ ਦੀ ਦੇਹ ’ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ।
ਕਸ਼ਮੀਰ ਦੇ ਅਨੰਤਨਾਗ ਵਿੱਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਪਿੰਡ ਭਾਵਦੀਨ ਦੇ ਜਵਾਨ ਨਿਸ਼ਾਨ ਸਿੰਘ ਦੀ ਦੇਹ ਅੱਜ ਦੁਪਹਿਰ ਵੇਲੇ ਤਿਰੰਗੇ ਵਿੱਚ ਲਪੇਟ ਕੇ ਪਿੰਡ ਲਿਆਂਦੀ ਗਈ। ਇਸ ਮੌਕੇ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਡਾ. ਸੁਭਾਸ਼ ਜੋਧਪੁਰੀਆ, ਅਮਨ ਚੋਪੜਾ, ਡੇਰਾ ਬਾਬਾ ਭੂਮਣ ਸ਼ਾਹ ਦੇ ਗੱਦੀਨਸ਼ੀਨ ਬਾਬਾ ਬ੍ਰਹਮ ਦਾਸ ਨੇ ਵੀ ਸ਼ਹੀਦ ਨਿਸ਼ਾਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਸ਼ਾਨ ਸਿੰਘ 26 ਜੂਨ, 2013 ਨੂੰ ਫ਼ੌਜ ਵਿੱਚ ਭਰਤੀ ਹੋਇਆ ਸੀ। ਦੋ ਮਹੀਨੇ ਪਹਿਲਾਂ ਨਿਸ਼ਾਨ ਸਿੰਘ ਦਾ ਵਿਆਹ ਰਮਨਦੀਪ ਨਾਲ ਹੋਇਆ ਸੀ ਅਤੇ ਵਿਆਹ ਮਗਰੋਂ ਉਹ 22 ਦਿਨ ਹੀ ਪਹਿਲਾਂ ਡਿਊਟੀ ’ਤੇ ਵਾਪਸ ਗਿਆ ਸੀ। ਨਿਸ਼ਾਨ ਸਿੰਘ 19 ਰਾਇਫਲਜ਼ ਦਾ ਜਵਾਨ ਸੀ ਅਤੇ ਇਸ ਵੇਲੇ ਦੱਖਣ ਕਸ਼ਮੀਰ ਦੇ ਅਨੰਤਨਾਗ ਵਿੱਚ ਤਾਇਨਾਤ ਸੀ।
ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਨਿਸ਼ਾਨ ਸਿੰਘ ਦੀਆਂ ਚਾਰ ਭੈਣਾਂ ਅਤੇ ਇਕ ਭਰਾ ਹੈ ਅਤੇ ਉਸ ਦੇ ਪਿਤਾ ਪਸ਼ੂ ਪਾਲਣ ਵਿਭਾਗ ਦੇ ਮੁਲਾਜ਼ਮ ਹਨ।
ਕਸ਼ਮੀਰ ’ਚ ਫ਼ੌਜ ਵੱਲੋਂ ਸ਼ਰਧਾਂਜਲੀਆਂ
ਸ੍ਰੀਨਗਰ: ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸ਼ਹੀਦ ਹੋਣ ਵਾਲੇ ਲਾਂਸ ਨਾਇਕ ਨਿਸ਼ਾਨ ਸਿੰਘ (29) ਨੂੰ ਅੱਜ ਫ਼ੌਜ ਨੇ ਸ਼ਰਧਾਂਜਲੀ ਭੇਟ ਕੀਤੀ। ਨਿਸ਼ਾਨ ਸਿੰਘ ਸ਼ਨਿਚਰਵਾਰ ਅਤਿਵਾਦੀਆਂ ਦਾ ਮੁਕਾਬਲਾ ਕਰਦਾ ਸ਼ਹੀਦ ਹੋ ਗਿਆ ਸੀ। ਅੱਜ ਇੱਥੇ ਬੀ.ਬੀ. ਕੈਂਟ ਵਿਚ ਚਿਨਾਰ ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਡੀਪੀ ਪਾਂਡੇ ਨੇ ਬਹਾਦਰ ਜਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੈਨਾ ਦੇ ਹੋਰ ਕਈ ਚੋਟੀ ਦੇ ਅਧਿਕਾਰੀ ਹਾਜ਼ਰ ਸਨ। ਲਾਂਸ ਨਾਇਕ ਨਿਸ਼ਾਨ ਸਿੰਘ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਨਾਲ ਸਬੰਧਤ ਹੈ। ਨਿਸ਼ਾਨ ਦੇ ਪਰਿਵਾਰ ਵਿਚ ਉਸ ਦੀ ਪਤਨੀ ਹੈ। ਫ਼ੌਜ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਸੈਨਾ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ। -ਆਈਏਐਨਐੱਸ