ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਸਤੰਬਰ
ਇਥੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਦਿੱਲੀ ਮੋਰਚੇ ਨੂੰ 10 ਮਹੀਨੇ ਹੋਣ ’ਤੇ ਵੀ ਕਾਨੂੰਨ ਰੱਦ ਕਰਨ ਦੀ ਜਿੱਦ ਫੜੀ ਬੈਠੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਹਲੂਣਾ ਦੇਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਦਿੱਲੀ ਦੇ ਟਿਕਰੀ ਬਾਰਡਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਕੌੜਾ ਚੌਕ ਵਿੱਚ ਸੜਕ ਜਾਮ ਕੀਤੀ ਗਈ। ਜਿਸ ਵਿੱਚ ਨਵਾਂ ਗਾਉਂ , ਬਲੋਰ ਚੌਕ ਤੇ ਬਹਾਦਰਗੜ੍ਹ ਸ਼ਹਿਰ ਦੇ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੇ ਭਰਵਾਂ ਯੋਗਦਾਨ ਪਾਉਂਦਿਆਂ ਕਿਸਾਨ ਅੰਦੋਲਨ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਵੱਡੀ ਪੱਧਰ ’ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਤੇ ਆਪਣੇ ਕਾਰੋਬਾਰ ਬੰਦ ਕਰਕੇ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਦਾ ਡੱਟ ਕੇ ਵਿਰੋਧ ਜਤਾਇਆ। ਇੱਥੇ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਸਾਮਰਾਜੀ ਘਰਾਣੇ ਆਪਣੇ ਮਨਾ ਵਿੱਚੋ ਭਰਮ ਭੁਲੇਖੇ ਕੱਢ ਦੇਣ ਕਿਉਂਕਿ ਕਿਰਤੀ ਲੋਕਾ ਨੂੰ ਜਮਾਤੀ ਚੇਤਨਾ ਆ ਚੁੱਕੀ ਹੈ ਕਿ ਸਾਡੀ ਖੂਨ ਪਸੀਨੇ ਦੀ ਕਮਾਈ ਲੁੱਟ ਕੇ ਕੌਣ ਲਿਜਾ ਰਿਹਾ ਹੈ । ਕਿਰਤੀ ਲੋਕਾ ਨੂੰ ਸਾਝੇ ਦੁਸ਼ਮਣ ਦੀ ਜਮਾਤੀ ਤੌਰ ’ਤੇ ਪਛਾਣ ਹੋ ਚੁੱਕੀ ਹੈ ( ਜਿਸ ਵਿੱਚ ਇੱਕ ਪਾਸੇ ਲੁਟੇਰੀ ਜਮਾਤ ਅਤੇ ਦੂਜੇ ਪਾਸੇ ਲੁੱਟੇ ਜਾਣ ਵਾਲੇ ਲੋਕਾਂ ਦੀ ਜਮਾਤ ਹੈ। ਉਨ੍ਹਾਂ ਕਿਹਾ ਕਿ ਜੁਝਾਰੂ ਲੋਕ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕਰਦੇ ਹੋਏ ਧਰਮਾਂ, ਜਾਤਾ ,ਗੋਤਾ, ਮਜ਼ਹਬਾਂ ਅਤੇ ਕੌਮਾਂ ਤੋਂ ਉਪਰ ਉੱਠ ਕਿ ਇਨ੍ਹਾਂ ਸਾਮਰਾਜੀ ਲੁਟੇਰਿਆਂ ਨੂੰ ਦੇਸ਼ ਦੇ ਵਿੱਚੋਂ ਭੱਜਣ ਲਈ ਮਜਬੂਰ ਕਰ ਦੇਣਗੇ। ਪਰਮਜੀਤ ਕੌਰ ਕੋਟੜਾ, ਅਮਰਜੀਤ ਸਿੰਘ, ਬਿੱਟੂ ਮੱਲਣ, ਕੁਲਦੀਪ ਲੁਧਿਆਣਾ, ਮੇਜਰ ਅਕਲੀਆ, ਮਹਿੰਦਰ ਕੌਰ ਗੁੱਜਰਾ ਨੇ ਵੀ ਸੰਬੋਧਨ ਕੀਤਾ।
ਟਿਕਰੀ ਸੀਮਾ ਸਮਿਤੀ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨ ਅੰਦੋਲਨਕਾਰੀਆਂ ਨੇ ਬਹਾਦਰਗੜ੍ਹ ਰੇਲਵੇ ਸਟੇਸ਼ਨ ਉੱਤੇ ਰੇਲਵੇ ਲਾਈਨ ਉੱਤੇ ਧਰਨਾ ਦਿੱਤਾ ਜਾਂ ਸੰਯੁਕਤ ਕਿਸਾਨ ਮੋਰਚੇ ਦੇ ‘ਭਾਰਤ ਬੰਦ’ ਦੇ ਸੱਦੇ ਨੂੰ ਲਾਗੂ ਕਰਨ ਲਈ ਸਵੇਰ ਤੋਂ ਹੀ ਦਿੱਲੀ-ਰੋਹਤਕ-ਬਠਿੰਡਾ ਰੇਲ ਰੋਕ ਦਿੱਤੀ ਗਈ। ਇਸ ਮੌਕੇ ਬੋਲਦਿਆਂ ਰੁਲਦੂ ਸਿੰਘ ਮਾਨਸਾ, ਬਲਦੇਵ ਸਿੰਘ ਨਿਹਾਲਗੜ੍ਹ ਤੇ ਸੁਖਦਰਸ਼ਨ ਸਿੰਘ ਨੇ ਕਿਹਾ ਕਿ ਕਾਰਪੋਰੇਟ ਵਿਕਾਸ ਮਾਡਲ ਜੋ ਮੌਜੂਦਾ ਆਰਥਿਕ ਸੰਕਟ ਦਾ ਮੁੱਖ ਕਾਰਨ ਹੈ ਨੂੰ ਵਿਕਾਸ ਮਾਡਲ ਨਹੀਂ ਕਿਹਾ ਜਾਣਾ ਚਾਹੀਦਾ, ਸਗੋਂ ਵਿਨਾਸ਼ ਮਾਡਲ ਕਿਹਾ ਜਾਣਾ ਚਾਹੀਦਾ ਹੈ। ਮੋਦੀ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹਨਾ ਚਾਹੀਦਾ ਹੈ, ਜਦੋਂ ਤੱਕ ਕਾਲੇ ਕਾਨੂੰਨ ਖ਼ਤਮ ਨਹੀਂ ਕੀਤੇ ਜਾਂਦੇ, ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜਸਬੀਰ ਕੌਰ, ਦਰਸ਼ਨ ਸਿੰਘ ਜਟਾਣਾ, ਚੌਧਰੀ ਬੜੂ ਰਾਮ ਤੇ ਬਲਦੇਵ ਸਿੰਘ ਭਾਈਰੂਪਾ ਨੇ ਪੰਜਾਬ ਅਤੇ ਹਰਿਆਣਾ ਦਰਮਿਆਨ ਮੀਂਹ ਕਾਰਨ ਖਰਾਬ ਹੋਈ ਨਰਮੇ ’ਤੇ ਬੋਲਦਿਆਂ ਕਿਹਾ ਕਿ ਮੁਆਵਜ਼ਾ ਰੁਪਏ ਦੇ ਹਿਸਾਬ ਨਾਲ ਦਿੱਤਾ ਜਾਣਾ ਚਾਹੀਦਾ ਹੈ।
ਰਤੀਆ(ਕੇ.ਕੇ ਬਾਂਸਲ): ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਿਆਂਦੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਸੰਯੁਕਤ ਮੋਰਚੇ ਵਲੋਂ ਭਾਰਤ ਬੰਦ ਦੌਰਾਨ ਰਤੀਆ ਵਿੱਚ ਵੀ ਇਸ ਦਾ ਵੱਡਾ ਅਸਰ ਵੇਖਣ ਲਈ ਮਿਲਿਆ। ਜਿਸ ਤਹਿਤ ਜਿੱਥੇ ਸਮੁੱਚੇ ਬਾਜ਼ਾਰ ਅਤੇ ਹੋਰ ਸੰਸਥਾਵਾਂ ਬੰਦ ਰਹੀਆਂ, ਉੱਥੇ ਹੀ ਚੱਪੇ ਚੱਪੇ ’ਤੇ ਪੁਲੀਸ ਤਾਇਨਾਤ ਸੀ। ਇਸ ਮੌਕੇ ਖੇਤੀ ਬਚਾਓ ਸੰਘਰਸ਼ ਸਮਿਤੀ ਹਰਿਆਣਾ ਦੇ ਪ੍ਰਧਾਨ ਜਰਨੈਲ ਸਿੰਘ ਅਤੇ ਕਿਸਾਨ ਸੰਘਰਸ਼ ਸਮਿਤੀ ਹਰਿਆਣਾ ਦੇ ਪ੍ਰਧਾਨ ਮਨਦੀਪ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਖੇਤੀ ਵਿਰੋਧੀ ਕਾਲੇ ਕਨੂੰਨ ਰੱਦ ਕਰਨ ਪ੍ਰਤੀ ਨੀਅਤ ਸਾਫ ਨਹੀਂ, ਸਗੋਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਤੇ ਅੱਤਿਆਚਾਰ ਕਰਨ ਤੇ ਤੁਲ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟਾਂ ਦੇ ਹੱਥ ਤੇ ਚੜ੍ਹ ਕੇ ਦੇਸ਼ ਦੀ ਆਰਥਿਕ ਧੁਰਾ ਕਿਸਾਨੀ ਨੂੰ ਕਾਰਪੋਰੇਟਾਂ ਸੌਂਪਣ ਦੀ ਤਿਆਰੀ ਕਰ ਰਹੀ ਹੈ। ਜਿਸ ਨਾਲ ਦੇਸ਼ ਤਬਾਹ ਹੋ ਕੇ ਮੁੜ ਗੁਲਾਮੀ ਦਾ ਸ਼ਿਕਾਰ ਹੋ ਜਾਵੇਗਾ।
ਨਰਾਇਣਗੜ੍ਹ (ਫਰਿੰਦਰ ਪਾਲ ਗੁਲਿਆਣੀ):ਇਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਸਬੰਧੀ ਸੰਯੁਕਤ ਮੋਰਚਾ ਕਿਸਾਨ ਯੂਨੀਅਨ ਵੱਲੋਂ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦੇ ਮੱਦੇਨਜ਼ਰ ਨਰਾਇਣਗੜ੍ਹ ਦੇ ਅਗਰਸੈਨ ਚੌਕ, ਖੰਡ ਮਿੱਲ ਬਣੌਂਦੀ ਤੇ ਕੌਮੀ ਮਾਰਗ ਪੰਚਕੂਲਾ ਤੋਂ ਯਮੁਨਾਨਗਰ ਨੂੰ ਪਿੰਡ ਕੜਾਸਨ ਨੇੜੇ ਕਿਸਾਨਾਂ ਨੇ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ। ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਕਟ ਕੀਤਾ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਲੰਮੇਂ ਸਮੇਂ ਤੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਇਹ ਸੰਘਰਸ਼ ਤੇ ਅੰਦੋਲਨ ਜਾਰੀ ਰਹੇਗਾ। ਦੂਜੇ ਪਾਸੇ ਸਵੇਰ ਤੋਂ ਹੀ ਬਾਜ਼ਾਰ ਖੁੱਲ੍ਹੇ ਰਹੇ, ਜਿਸ ਨੂੰ ਬਾਅਦ ਵਿੱਚ ਕਿਸਾਨਾਂ ਨੇ ਬੰਦ ਕਰਵਾਉਣ ਦਾ ਕੰਮ ਕੀਤਾ।
ਇਸੇ ਤਰ੍ਹਾਂ ਥਾਂ-ਥਾਂ ’ਤੇ ਰਸਤੇ ਬੰਦ ਹੋਣ ਕਾਰਨ ਨਰਾਇਣਗੜ੍ਹ ਦੇ ਬੱਸ ਅੱਡੇ ਤੋਂ ਕੋਈ ਬੱਸ ਆਪਣੇ ਰੂਟ ’ਤੇ ਨਹੀਂ ਨਿਕਲੀ। ਜਿਹੜੀ ਸਵੇਰ ਨੂੰ ਇੱਕ ਦੋ ਬੱਸ ਗਈਆਂ ਵੀ ਸਨ ਉਹ ਰਸਤੇ ਬੰਦ ਹੋਣ ਦੇ ਕਾਰਨ ਵਾਪਿਸ ਆ ਗਈਆਂ। ਬੱਸਾਂ ਬੰਦ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ ਰਹੇ।
ਜੀਂਦ(ਮਹਾਂਵੀਰ ਮਿੱਤਲ): ਖੇਤੀ ਦੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈਕੇ ਅੱਜ ਦੇ ਭਾਰਤ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਭਾਰਤ ਬੰਦ ਨੂੰ ਕਈ ਸੰਗਠਨਾਂ ਵੱਲੋਂ ਹਮਾਇਤ ਕੀਤੀ ਗਈ। ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਜੀਂਦ ਨੇ ਵੀ ਭਾਰਤ ਬੰਦ ਨੂੰ ਆਪਣੀ ਹਮਾਇਤ ਦਿੱਤੀ। ਵਪਾਰ ਮੰਡਲ ਦੇ ਨੇਤਾਵਾਂ ਮਹਾਂਵੀਰ ਕੰਪਿਊਟਰ, ਰਾਜ ਕੁਮਾਰ ਗੋਇਲ, ਰਾਧੇ ਸਿਆਮ ਬਿੰਦਲ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਸਾਰੀ ਯੂਨੀਅਨਾਂ ਨੇ ਅੱਜ ਦੇ ਭਾਰਤ ਬੰਦ ਵਿੱਚ ਆਪਣਾ ਵੱਧ ਚੜ੍ਹਕੇ ਸਹਿਯੋਗ ਦਿੱਤਾ। ਜਿਸਦੇ ਅਨੁਸਾਰ ਹਲਵਾਈ ਯੂਨੀਅਨ, ਕਰਿਆਨਾ ਯੂਨੀਅਨ, ਕਪੜਾ, ਮਠਿਆਈ ਯੂਨੀਅਨ, ਆੜ੍ਹਤੀ ਐਸੋਸੀਏਸ਼ਨ ਆਦਿ ਨੇ ਅੱਜ ਆਪਣੇ ਆਪਣੇ ਕਾਰੋਬਾਰ ਬੰਦ ਰੱਖੇ। ਉੱਧਰ ਆਮ ਆਦਮੀ ਪਾਰਟੀ ਦੇ ਇਲਾਵਾ ਹੋਰ ਸੰਗਠਨ, ਯੂਨੀਅਨਾਂ ਅਤੇ ਐਸੋਸੀਏਸ਼ਨਾਂ ਨੇ ਮਿਲ ਕੇ ਭਾਰਤ ਬੰਦ ਨੂੰ ਅਪਣਾ ਸਹਿਯੋਗ ਦਿੱਤਾ। ਭਾਰਤ ਬੰਦ ਦੇ ਦੌਰਾਨ ਬਾਹਰ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਕਠਿਨਾਈ ਦਾ ਸਾਹਮਣਾ ਕਰਨਾ ਪਿਆ।
ਪਿਹੋਵਾ(ਸਤਪਾਲ ਰਾਮਗੜ੍ਹੀਆ): ਇਥੇ ਅੰਦੋਲਨ ਦੇ ਮੁੱਖ ਕੇਂਦਰ ਮੇਨ ਚੌਕ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਪੂਰਾ ਦਿਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਬੰਦ ਪ੍ਰਭਾਵਿਤ ਸੜਕਾਂ ’ਤੇ ਆਵਾਜਾਈ ਠੱਪ ਹੋ ਗਈ। ਸੜਕ ਜਾਮ ਹੋਣ ਕਾਰਨ ਪੁਲੀਸ ਨੇ ਹੋਰਨਾਂ ਮਾਰਗਾਂ ਤੋਂ ਵਾਹਨਾਂ ਨੂੰ ਕੱਢਿਆ।
ਇੱਥੋਂ ਤੱਕ ਕਿ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੇ ਵੀ ਬੰਦ ਵਿੱਚ ਕਿਸਾਨਾਂ ਦੀ ਸਹਾਇਤਾ ਕੀਤੀ। ਬਾਜ਼ਾਰ ਵਿੱਚ ਕੋਈ ਵੀ ਦੁਕਾਨ ਖੁੱਲ੍ਹੀ ਨਜ਼ਰ ਨਹੀਂ ਆਈ। ਜਿਸ ਨੇ ਸਪੱਸ਼ਟ ਤੌਰ ’ਤੇ ਦਿਖਾਇਆ ਕਿ ਬੰਦ ਸਫਲ ਰਿਹਾ। ਸਵੇਰੇ 6 ਵਜੇ ਤੋਂ ਹੀ ਕਿਸਾਨਾਂ ਨੇ ਮੇਨ ਚੌਕ ਪਹੁੰਚਣਾ ਸ਼ੁਰੂ ਕਰ ਦਿੱਤਾ ਅਤੇ ਕੁਝ ਹੀ ਸਮੇਂ ਵਿੱਚ ਉਨ੍ਹਾਂ ਨੇ ਚਾਰੇ ਪਾਸੇ ਸੜਕਾਂ ਬੰਦ ਕਰ ਦਿੱਤੀਆਂ। ਦੁਪਹਿਰ ਵੇਲੇ ਕਿਸਾਨਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਕਿਸਾਨਾਂ ਨੇ ਪਿੰਡ ਕਰਾਹ ਸਾਹਿਬ, ਪਿੰਡ ਥਾਨਾ ਵਿੱਚ ਅੰਬਾਲਾ ਹਿਸਾਰ ਨੈਸ਼ਨਲ ਹਾਈਵੇ ਟੋਲ ਪਲਾਜ਼ਾ, ਪਿੰਡ ਭੌਰ ਸੈਦਾ ਵਿੱਚ ਕੁਰੂਕਸ਼ੇਤਰ ਰੋਡ ਅਤੇ ਪਿੰਡ ਮਲਿਕਪੁਰ ਵਿੱਚ ਅੰਬਾਲਾ ਰੋਡ ਦੇ ਨੇੜੇ ਗੁਹਲਾ ਚੀਕਾ ਸੜਕ ਨੂੰ ਜਾਮ ਕਰ ਦਿੱਤਾ। ਇਸ ਦੌਰਾਨ ਆਵਾਜਾਈ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਲੰਘਦੀ ਰਹੀ। ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ, ਹੋਰਾਂ ਨੂੰ ਰੋਕ ਦਿੱਤਾ ਗਿਆ।
ਦਿੱਲੀ-ਗੁਰੂਗ੍ਰਾਮ ਤੇ ਦਿੱਲੀ-ਉੱਤਰ ਪ੍ਰਦੇਸ਼ ਦੀਆਂ ਹੱਦਾਂ ’ਤੇ ਚੱਕਾ ਜਾਮ
ਨਵੀਂ ਦਿੱਲੀ: ਸਵੇਰ ਤੋਂ ਹੀ ਦਿੱਲੀ-ਗੁਰੂਗ੍ਰਾਮ ਅਤੇ ਦਿੱਲੀ-ਉੱਤਰ ਪ੍ਰਦੇਸ਼ ਦੀਆਂ ਹੱਦਾਂ ’ਤੇ ਟ੍ਰੈਫਿਕ ਜਾਮ ਹੋਣ ਦੀ ਸੂਚਨਾ ਮਿਲੀ। ਕਾਰਾਂ ਤੇ ਹੋਰ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਦਿੱਲੀ ਪੁਲੀਸ ਵੱਲੋਂ ਦਿੱਲੀ ਨੂੰ ਆਉਂਦੇ ਤਿੰਨਾਂ ਹੀ ਮਾਰਗਾਂ ਦਿੱਲੀ-ਸੋਨੀਪਤ ਮਾਰਗ (ਸਿੰਘੂ ਬਾਰਡਰ ਮੋਰਚਾ) ਦਿੱਲੀ-ਗਾਜ਼ੀਆਬਾਦ ਮਾਰਗ (ਗਾਜ਼ੀਪੁਰ ਮੋਰਚਾ) ਤੇ ਦਿੱਲੀ-ਬਹਾਦਰਗੜ੍ਹ ਮਾਰਗ (ਟਿਕਰੀ ਮੋਰਚਾ) ਕੋਲ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਪਲਵਲ ਮੋਰਚੇ ਦੇ ਕਿਸਾਨਾਂ ਵੱਲੋਂ ਦਿੱਲੀ-ਆਗਰਾ ਮਾਰਗ ਦੀ ਟ੍ਰੈਫਿਕ ਰੋਕੀ। ਇਸ ਤੋਂ ਇਲਾਵਾ, ਦਿੱਲੀ, ਅੰਬਾਲਾ ਅਤੇ ਫ਼ਿਰੋਜ਼ਪੁਰ ਡਿਵੀਜ਼ਨਾਂ ਵਿੱਚ ਕਈ ਰੇਲਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦੌਰਾਨ, ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਵਿਰੋਧ ਕਰ ਰਹੇ ਕਿਸਾਨ ਐਮਰਜੈਂਸੀ ਵਾਹਨਾਂ ਨੂੰ ਲੰਘਣ ਦੇ ਲਈ ‘ਚੰਗੇ ਪ੍ਰਬੰਧ’ ਕਰ ਰਹੇ ਹਨ ਤੇ ਯਾਤਰੀਆਂ ਨੂੰ ਰਿਫਰੈਸ਼ਮੈਂਟ ਵੀ ਦੇ ਰਹੇ ਹਨ। ਭਾਰਤ ਬੰਦ ਦੀ ਸ਼ੁਰੂਆਤ ਤੋਂ ਬਾਅਦ, ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਬਹੁਤ ਸਾਰੇ ਗੈਰ-ਭਾਜਪਾ ਨੇਤਾਵਾਂ ਨੇ ਕਿਸਾਨਾਂ ਨੂੰ ਸਮਰਥਨ ਦਿੱਤਾ। ਪੁਲੀਸ ਨੇ ਸਵੇਰੇ ਟਵਿੱਟਰ ’ਤੇ ਇਹ ਜਾਣਕਾਰੀ ਦਿੱਤੀ ਕਿ ਸਰਾਏ ਕਾਲੇ ਖਾਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਗਾਜ਼ੀਆਬਾਦ ਜਾਣ ਲਈ ਵਿਕਾਸ ਮਾਰਗ ਤੇ ਨੋਇਡਾ ਪਹੁੰਚਣ ਲਈ ਡੀਐੱਨਡੀ ਦੇ ਬਦਲਵੇਂ ਰਸਤੇ ਅਪਣਾਉਣੇ ਚਾਹੀਦੇ ਹਨ। ਇਹ ਸਲਾਹਕਾਰ ਉਸ ਸਮੇਂ ਆਈ ਜਦੋਂ ਕਿਸਾਨ ਯੂਨੀਅਨਾਂ ਦੇ ਭਾਰਤ ਬੰਦ ਦੇ ਕਾਰਨ ਰਾਸ਼ਟਰੀ ਰਾਜਮਾਰਗ (ਐਨਐੱਚ) 24 ਅਤੇ ਐਨਐਚ 9 ਨੂੰ ਬੰਦ ਕਰ ਦਿੱਤਾ ਗਿਆ । ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ‘ਭਾਰਤ ਬੰਦ’ ਨੂੰ ਸਫ਼ਲ ਦੱਸਦਿਆਂ ਕਿਹਾ ਕਿ ਜਨਤਾ ਨੇ ਇਸਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਜੇ ਜਨਤਾ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਇੱਕ ਦਿਨ ਉਨ੍ਹਾਂ ਕਿਸਾਨਾਂ ਨਾਲ ਇੱਕਜੁਟਤਾ ਨਾਲ ਪੇਸ਼ ਆਉਣ ਦਿਓ ਜੋ ਪਿਛਲੇ 10 ਮਹੀਨਿਆਂ ਤੋਂ ਸੂਰਜ, ਗਰਮੀ ਹੇਠ ਮੁਸੀਬਤਾਂ ’ਚ ਦਿੱਲੀ ਬਾਰਡਰ ’ਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ) ਕਰ ਰਹੇ ਹਨ।
ਦਿੱਲੀ ਕਾਂਗਰਸ ਪ੍ਰਧਾਨ ਵੱਲੋਂ ਗਾਜ਼ੀਪੁਰ ਮੋਰਚੇ ’ਚ ਭਾਰਤ ਬੰਦ ਨੂੰ ਹਮਾਇਤ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਵਿੱਚ ਦਿੱਲੀ ਕਾਂਗਰਸ ਨੇ ਅੱਜ ਗਾਜ਼ੀਪੁਰ ਸਰਹੱਦ ’ਤੇ ਬੈਠੇ ਅੰਦੋਲਨਕਾਰੀ ਕਿਸਾਨਾਂ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਕਿਸਾਨ ਮੋਦੀ ਸਰਕਾਰ ਵੱਲੋਂ ਤਾਨਾਸ਼ਾਹੀ ਢੰਗ ਨਾਲ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਦੀਆਂ ਮੰਗਾਂ ਲਈ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਨ। ਹਾਲਾਂ ਕਿ ਕਿਸਾਨਾਂ ਨੇ ਉਨ੍ਹਾਂ ਉੱਥੋਂ ਉੱਠਣ ਲਈ ਆਖ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਵੱਲੋਂ ਵੱਖ -ਵੱਖ ਥਾਵਾਂ ’ਤੇ ਬੈਰੀਕੇਡ ਲਗਾਏ ਜਾਣ ਕਾਰਨ ਕੇਂਦਰ ਤੇ ਦਿੱਲੀ ਸਰਕਾਰ ਵੱਲੋਂ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਖਤਰਨਾਕ ਬਣਾਉਣ ਲਈ ਘੰਟਿਆਂਬੱਧੀ ਟ੍ਰੈਫਿਕ ਜਾਮ ਰਹੇ। ਕਾਂਗਰਸੀ ਵਰਕਰ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਸਮਰਥਨ ਵਿੱਚ ਅੰਦੋਲਨ ਵਿੱਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿਰੁੱਧ ਕਿਸਾਨਾਂ ਦੀ ਲੜਾਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸੜਕ ਤੋਂ ਸੰਸਦ ਤੱਕ ਲੜੀ ਜਾ ਰਹੀ ਹੈ ਤਾਂ ਜੋ ਕੇਂਦਰ ਸਰਕਾਰ ਨੂੰ ਨੀਂਦ ਤੋਂ ਜਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰ ਉਦੋਂ ਤੱਕ ਕਿਸਾਨਾਂ ਦੇ ਹੱਕਾਂ ਲਈ ਲੜਦੇ ਰਹਿਣਗੇ ਜਦੋਂ ਤੱਕ ਭਾਜਪਾ ਦੀ ਮੋਦੀ ਸਰਕਾਰ ਇਨ੍ਹਾਂ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ।
ਸ਼ਾਹਬਾਦ ’ਚ ਕਿਸਾਨਾਂ ਨੇ ਹਾਈ ਵੇਅ ਤੇ ਰੇਲਵੇ ਲਾਈਨਾਂ ’ਤੇ ਡੇਰੇ ਲਾਏ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਕੇਂਦਰ ਸਰਕਾਰ ਦੇ ਤਿੰਨੇ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਸਵੇਰੇ 6 ਵਜੇ ਤੋਂ 4 ਵਜੇ ਤੱਕ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਹਲਕੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਮੈਡੀਕਲ ਸਣੇ ਜ਼ਰੂਰੀ ਸੇਵਾਵਾਂ ਹੀ ਵੇਖਣ ਨੂੰ ਚਾਲੂ ਮਿਲੀਆਂ। ਸੜਕਾਂ ’ਤੇ ਸੁੰਨ ਪਸਰੀ ਰਹੀ। ਰੇਲਵੇ ਮਾਰਗ ਨੂੰ ਵੀ ਕਿਸਾਨਾਂ ਨੇ ਜਾਮ ਰੱਖਿਆ। ਪੂਰੇ ਬਾਜ਼ਾਰ ਬੰਦ ਸਨ। ਕਿਸਾਨਾਂ ਨੇ ਰਸਤਿਆਂ ’ਤੇ ਟਰੈਕਟਰ ਟਰਾਲੀਆਂ ਖੜੀਆਂ ਕਰ ਰਸਤੇ ਰੋਕੇ। ਧਰਨਿਆਂ ਵਾਲੀ ਥਾਂ ’ਤੇ ਪੁਲੀਸ ਪਾਰਟੀਆਂ ਮੌਜੂਦ ਸਨ ਤਾਂ ਜੋ ਕੋਈ ਅਣ ਸੁਖਾਵੀਂ ਘਟਨਾ ਨਾ ਵਾਪਰ ਸਕੇ। ਬੰਦ ਨੂੰ ਲੈ ਕੇ ਕਾਂਗਰਸ ਸਣੇ ਸਾਰੀਆਂ ਪਾਰਟੀਆਂ ਭਾਜਪਾ ਤੇ ਉਸ ਦੇ ਭਾਈਵਾਲਾਂ ਨੂੰ ਛੱਡ ਕੇ ਸਭ ਦਾ ਸਮਰਥਨ ਹਾਸਲ ਸੀ। ਭਾਰਤ ਕਿਸਾਨ ਯੂਨੀਅਨ ਦੇ ਮੀਡੀਆ ਬੁਲਾਰੇ ਰਾਕੇਸ਼ ਬੈਂਸ ਨੇ ਕਿਹਾ ਕਿ ਸਰਕਾਰ ਦੇਸ਼ ਦੇ ਅੰਨਦਾਤਾ ਕਿਸਾਨ ਨਾਲ ਟਕਰਾਅ ਦਾ ਰਸਤਾ ਤਿਆਗ ਕੇ ਕਾਨੂੰਨਾਂ ਨੂੰ ਵਾਪਸ ਲਵੇ। ਇਸ ਤਰ੍ਹਾਂ ਬਾਬੈਨ ਵਿਚ ਵੀ ਭਾਰਤ ਬੰਦ ਦਾ ਅਸਰ ਪੂਰੀ ਤਰ੍ਹਾਂ ਰਿਹਾ। ਭਾਰੀ ਗਰਮੀ ਦੇ ਬਾਜਜੂਦ ਵੀ ਕਿਸਾਨਾਂ ਨੇ ਸੜਕਾਂ ’ਤੇ ਡੇਰੇ ਲਾਈ ਰਖੇ।
ਪਿੰਡ ਤੋਂ ਲੈ ਕੇ ਸ਼ਹਿਰ ਤੱਕ ਸਮਾਜ ਦੇ ਹਰ ਵਰਗ ਤੋਂ ਰਿਕਾਰਡ ਹਮਾਇਤ
ਟੋਹਾਣਾ (ਪੱਤਰ ਪ੍ਰੇਰਕ): ਭਾਰਤ ਬੰਦ ਨੂੰ ਪਿੰਡ ਤੋਂ ਲੈ ਕੇ ਸ਼ਹਿਰ ਤੱਕ ਸਮਾਜ ਦੇ ਹਰ ਵਰਗ ਤੋਂ ਰਿਕਾਰਡ ਹਮਾਇਤ ਮਿਲੀ। ਸੜਕ ਤੇ ਰੇਲ ਆਵਾਜਾਈ ਠੱਪ ਹੋ ਕੇ ਰਹਿ ਗਈ। ਪੁਲੀਸ ਤੇ ਸੁਰੱਖਿਆ ਬਲਾਂ ਨੇ ਕਿਸਾਨ ਧਰਨਿਆਂ ਤੋਂ ਦੂਰੀ ਬਣਾਈ ਰੱਖੀ। ਬਾਜ਼ਾਰ, ਮੰਡੀਆਂ, ਰੇਹੜੀਆਂ ਤੱਕ ਸੜਕਾਂ ’ਤੇ ਨਜ਼ਰ ਨਹੀਂ ਆਏ। ਸੜਕਾਂ ’ਤੇ ਕਿਸਾਨ ਆਗੂਆਂ ਦੀਆਂ ਗੱਡੀਆਂ ਘੁੰਮਦੀਆਂ ਰਹੀਆਂ। ਪੱਕਾ ਮੋਰਚਾ ਧਰਨੇ ’ਤੇ ਬੈਠੀਆਂ ਔਰਤਾਂ, ਬੱਚਿਆਂ ਤੇ ਕਿਸਾਨ ਨੌਜਵਾਨਾ, ਕਿਰਤੀਆਂ, ਵਪਾਰੀਆਂ ਵਿੱਚ ਮਨਦੀਪ ਨੱਥਵਾਨ ਪੁੱਜੇ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਸਟਜੇ ਸਾਂਝੀ ਕਰਨ ਤੋਂ ਸਖ਼ਤ ਹਦਾਇਤ ਕੀਤੀ ਤੇ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਦੀ ਆਵਾਜ਼ ਵਿਦੇਸ਼ਾਂ ਵਿੱਚ ਉਠ ਰਹੀ ਹੈ। ਭਾਰਤ ਬੰਦ ਵਿੱਚ ਬਾਰ ਦੇ ਪ੍ਰਧਾਨ ਸਤਿਆਵਾਨ ਡੁਲਟ, ਸਾਬਕਾ ਪ੍ਰਧਾਨ ਚਾਂਦੀਰਾਮ ਪਾਤੜ, ਵਕੀਲ ਰਕੇਸ਼ ਚੰਦੜ ਤੇ ਹੋਰ ਵਕੀਲਾਂ ਨੇ ਕਿਸਾਨ ਅੰਦੋਲਨ ਦੀ ਡੱਟਕੇ ਹਮਾਇਤ ਕਰਦੇ ਤੇ ਗਰੀਬ ਪਰਿਵਾਰ ਨੂੰ ਨਾਲ ਚੱਲਣ ਦੀ ਸਲਾਹ ਦਿੱਤੀ। ਭਾਰਤ ਬੰਦ ਵਿੱਚ ਜਾਖਲ, ਭੂਨਾ, ਕੁਲਾਂ, ਰਤੀਆ, ਕੰਨੜ੍ਹੀ, ਸਮੈਣ, ਹਿਸਾਰ-ਚੰਡੀਗੜ੍ਹ ਕੌਮੀ ਸੜਕ ਤੇ ਸੁਰੇਵਾਲਾ ਚੌਕ ਤੇ ਪਿੰਡਾਂ ਦੇ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ। ਢਾਣੀ ਗੋਪਾਲ ਫਤਿਆਬਾਦ ’ਤੇ ਕੌਮੀ ਸੜਕ-9 ’ਤੇ ਧਰਨਾ ਦਿੱਤਾ ਗਿਆ। ਔਰਤਾਂ ਤੇ ਬੱਚਿਆਂ ਨੇ ਕਿਸਾਨ ਝੰਡੇ ਲੈ ਕੇ ਧਰਨਿਆਂ ਵਿੱਚ ਸ਼ਾਮਲ ਹੋਏ।
ਯਮੁਨਾਨਗਰ ’ਚ ਕਿਸਾਨਾਂ ਨੇ 23 ਥਾਈਂ ਜਾਮ ਲਗਾਇਆ
ਯਮੁਨਾਨਗਰ ਦਵਿੰਦਰ ਸਿੰਘ): ਭਾਰਤ ਬੰਦ ਦੇ ਦੌਰਾਨ ਕਿਸਾਨਾਂ ਨੇ ਰੇਲਵੇ ਟਰੈਕ ਤੋਂ ਇਲਾਵਾ ਕਲਾਨੌਰ ਹਾਈਵੇਅ, ਛਛਰੋਲੀ ਵਿੱਚ ਤ੍ਰਿਵੇਣੀ ਚੌਕ, ਬਿਲਾਸਪੁਰ ਵਿੱਚ ਸ਼ਿਵ ਚੌਕ, ਸਢੌਰਾ ਵਿੱਚ ਦੋਸੜਕਾ ਚੌਕ, ਕਰਨਾਲ ਮਾਰਗ ਤੇ ਗੁਮਥਲਾ ਦੇ ਨਜ਼ਦੀਕ ਅਤੇ ਰਣਜੀਤਪੁਰ ਸਮੇਤ ਲਗਪੱਗ 23 ਸਥਾਨਾਂ ’ਤੇ ਮਾਰਗ ਜਾਮ ਕੀਤੇ ਅਤੇ ਵਾਹਨਾਂ ਨੂੰ ਨਹੀਂ ਚਲਣ ਦਿੱਤਾ, ਲੋਕ ਲਿੰਕ ਸੜਕਾਂ ਦਾ ਇਸਤੇਮਾਲ ਕਰਕੇ ਆਪੋ ਅਪਣੇ ਟਿਕਾਣਿਆਂ ਤੇ ਪਹੁੰਚੇ। ਅੰਬਾਲਾ-ਸਹਾਰਨਪੁਰ ਰੇਲਮਾਰਗ ’ਤੇ ਗੋਲਨਪੁਰ ਦੇ ਲਾਗੇ ਰੇਲਵੇ ਟਰੈਕ ’ਤੇ ਕਿਸਾਨਾਂ ਨੇ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਅਤੇ ਸਹਾਰਨਪੁਰ ਅਤੇ ਅੰਬਾਲਾ ਤੋਂ ਆ ਰਹੀਆਂ ਮਾਲ ਗੱਡੀਆਂ ਨੂੰ ਰੋਕਿਆ। ਰੋਡਵੇਜ਼ ਦੀਆਂ ਬੱਸਾਂ ਬੰਦ ਰਹੀਆਂ ਜਿਸ ਕਰਕੇ ਸਵਾਰੀਆਂ ਬੱਸਾਂ ਦੇ ਚੱਲਣ ਦਾ ਸ਼ਾਮ ਤੱਕ ਇੰਤਜ਼ਾਰ ਕਰਦੀਆਂ ਰਹੀਆਂ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੂ ਗੁੰਦਿਆਨਾ ਅਤੇ ਸੁਭਾਸ਼ ਗੁੱਜਰ ਨੇ ਕਿਹਾ ਕਿ ਜਦੋਂ ਤੱਕ ਤਿੰਨ ਕਾਲੇ ਕਾਨੂੰਨ ਵਾਪਿਸ ਨਹੀਂ ਹੁੰਦੇ ਅੰਦੋਲਨ ਜਾਰੀ ਰਹੇਗਾ।