ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 27 ਸਤੰਬਰ
ਪਿੰਡ ਲੱਕੜਵਾਲੀ ਵਿੱਚ ਬੀਤੀ 27 ਅਗਸਤ ਨੂੰ ਇੱਕ ਪੁੱਤਰ ਵੱਲੋਂ ਆਪਣੇ ਪਿਤਾ ਦੇ ਕਤਲ ਕੀਤੇ ਜਾਣ ਸਬੰਧੀ ਮਾਮਲੇ ਵਿੱਚ ਥਾਣਾ ਬੜਾਗੁੜਾ ਪੁਲੀਸ ਨੇ ਘਟਨਾ ਦੇ ਕਥਿਤ ਦੋਸ਼ੀ ਨੂੰ ਡੱਬਵਾਲੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਬੜਾਗੁੜਾ ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਹਰਦੀਪ ਸਿੰਘ ਉਰਫ ਸੰਧੂਰਾ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਕੋਲੋਂ ਇੱਕ ਨਜਾਇਜ਼ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਹਰਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਬੜਾਗੁੜਾ ਥਾਣਾ ਇੰਚਾਰਜ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਪੁੱਛਗਿੱਛ ਦੌਰਾਨ ਉਸ ਦੇ ਹੋਰ ਸਾਥੀਆਂ ਅਤੇ ਕਤਲ ਵਿੱਚ ਵਰਤੇ ਗਏ ਹਥਿਆਰ ਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਜਾਵੇਗਾ। ਚੇਤੇ ਰਹੇ ਕਿ ਬੀਤੀ 27 ਅਗਸਤ 2022 ਨੂੰ ਹਰਦੀਪ ਸਿੰਘ ਉਰਫ਼ ਸੰਧੂਰਾ ਸਿੰਘ ਨੇ ਜ਼ਮੀਨੀ ਵਿਵਾਦ ਕਾਰਨ ਪਿੰਡ ਲੱਕੜਵਾਲੀ ਵਿੱਚ ਆਪਣੇ ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਘਟਨਾ ਦੇ ਸਮੇਂ ਤੋਂ ਹੀ ਉਹ ਫ਼ਰਾਰ ਚੱਲ ਰਿਹਾ ਸੀ। ਬੜਾਗੁੜਾ ਥਾਣਾ ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਗੁਰਪਾਲ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਲੱਕੜਵਾਲੀ ਦੀ ਸ਼ਿਕਾਇਤ ’ਤੇ ਥਾਣਾ ਬੜਾਗੁੜਾ ਵਿੱਚ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।