ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 15 ਅਪਰੈਲ
ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਉਤਸਵ ਦੇ ਸੰਦਰਭ ਵਿਚ ਅੰਮ੍ਰਿਤਸਰ ਸਾਹਿਬ ਤੋਂ ਚੱਲ ਰਿਹਾ ਨਗਰ ਕੀਰਤਨ ਅੱਜ ਬਾਬੈਨ ਪੁੱਜਾ, ਜਿਥੇ ਸੰਗਤਾਂ ਵਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵਿਚ ਗੁਰੂ ਗ੍ਰੰਥ ਸਾਹਿਬ ਇਕ ਸੁੰਦਰ ਬੱਸ ਅੰਦਰ ਪਾਲਕੀ ਵਿਚ ਸ਼ੁਸ਼ੋਭਿਤ ਸਨ ਤੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਨਗਰ ਕੀਰਤਨ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਾਸ਼ਤਰ ਤੇ ਹੋਰ ਵਸਤੂਆਂ ਦੀ ਪਾਲਕੀ ਵੀ ਸਜੀ ਹੋਈ ਸੀ, ਜਿਸ ਦੇ ਸੰਗਤਾਂ ਵਲੋਂ ਦਰਸ਼ਨ ਕੀਤੇ ਗਏ। ਬਾਬੈਨ ਦੇ ਪਿਪਲੀ ਚੌਕ ਵਿਚ ਗੁਰਦੁਆਰਾ ਮੰਡੋਖਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਸੰਗਤਾਂ ਨੂੰ ਪ੍ਰਸਾਦਿ ਵੰਡਿਆ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤੇਜਿੰਦਰਪਾਲ ਸਿੰਘ ਢਿੱਲੋਂ, ਐੱਸਜੀਪੀਸੀ ਦੇ ਮੈਂਬਰ ਹਰਭਜਨ ਸਿੰਘ ਮਸਾਣਾ ਤੇ ਸਿੱਖ ਮਿਸ਼ਨ ਦੇ ਇੰਚਾਰਜ ਗਿਆਨੀ ਮੰਗਪ੍ਰੀਤ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ 20 ਮਾਰਚ ਨੂੰ ਅੰਮ੍ਰਿਤਸਰ ਸਾਹਿਬ ਤੋਂ ਚੱਲਿਆ ਸੀ ਤੇ 19 ਅਪਰੈਲ ਨੂੰ ਅਨੰਦਪੁਰ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ ਹਰਿਆਣਾ ਦੇ ਉਨ੍ਹਾਂ ਸਥਾਨਾਂ ਤੋਂ ਲੰਘ ਰਿਹਾ ਹੈ, ਜਿਥੇ ਜਿਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੀ ਛੂਹ ਪ੍ਰਾਪਤ ਹੈ। ਇਸ ਮੌਕੇ ਪ੍ਰੇਮ ਸਿੰਘ ਲਾਡਵਾ, ਗੁਰਦੇਵ ਸਿੰਘ ਸੁਰਾ, ਅਵਤਾਰ ਸਿੰਘ, ਪਰਮਜੀਤ ਸਿੰਘ, ਰਣਧੀਰ ਸਿੰਘ, ਅਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।