ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 31 ਅਗਸਤ
ਕਲੇਰਾਂ ਪਿੰਡ ਦੇ ਦਲਬੀਰ ਸਿੰਘ ਨੇ ਇਸਮਾਈਲਪੁਰ ਦੇ ਵਰਿੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ, ਉਸ ਦੀ ਪਤਨੀ ਜਸਮੀਤ ਕੌਰ ਅਤੇ ਪੁੱਤਰ ਅਭਿਜੀਤ ਸਿੰਘ ਵਿਰੁੱਧ ਨੱਗਲ ਥਾਣੇ ਵਿਚ ਕੈਨੇਡਾ ਭੇਜਣ ਦੇ ਨਾਂ ’ਤੇ 15 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕਰਾਇਆ ਹੈ। ਦਲਬੀਰ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਗੌਰਵ ਨੂੰ ਕੈਨੇਡਾ ਭੇਜਣ ਲਈ ਵਰਿੰਦਰ ਦੇ ਸੰਪਰਕ ਵਿਚ ਆਇਆ ਸੀ। ਇਸ ਕੰਮ ਲਈ ਉਸ ਨੇ 20 ਲੱਖ ਰੁਪਏ ਮੰਗੇ। ਅਪਰੈਲ 2021 ਵਿਚ ਉਸ ਨੇ ਵਰਿੰਦਰ ਦੇ ਖਾਤੇ ਵਿਚ 5 ਲੱਖ ਰੁਪਏ ਟਰਾਂਸਫਰ ਕਰਵਾਏ ਅਤੇ ਦੋ ਲੱਖ ਰੁਪਏ ਨਕਦ ਦਿੱਤੇ। ਕੁਝ ਦਿਨਾਂ ਬਾਅਦ ਵਰਿੰਦਰ ਸਿੰਘ, ਉਸ ਦੀ ਪਤਨੀ ਅਤੇ ਪੁੱਤਰ ਉਸ ਕੋਲ ਆਏ ਅਤੇ ਦੱਸਿਆ ਕਿ ਉਸ ਦੇ ਬੇਟੇ ਦਾ ਬਾਇਓਮੈਟਰਿਕ 16-12-2021 ਨੂੰ ਕਾਠਮੰਡੂ ਵਿਚ ਹੋਣਾ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਹੋਰ 8 ਲੱਖ ਰੁਪਏ ਇਹ ਕਹਿ ਕੇ ਮੰਗ ਲਏ ਕਿ ਵੀਜ਼ਾ ਆ ਗਿਆ ਹੈ। ਫਿਰ ਗੌਰਵ ਨੂੰ ਦਿੱਲੀ ਏਅਰਪੋਰਟ ਬੁਲਾਇਆ ਅਤੇ ਪਹਾੜਗੰਜ ਦੇ ਇਕ ਹੋਟਲ ਵਿਚ ਲਿਜਾ ਕੇ ਉੱਥੇ ਇਕ ਮਹੀਨਾ ਰੱਖਿਆ ਅਤੇ ਬਹਾਨੇਬਾਜ਼ੀ ਕਰਦੇ ਰਹੇ, ਬਾਹਰ ਨਹੀਂ ਭੇਜਿਆ। ਮੁਲਜ਼ਮ ਡੁਪਲੀਕੇਟ ਵੀਜ਼ਾ ਦਿਖਾ ਕੇ ਉਨ੍ਹਾਂ ਨੂੰ ਗੁਮਰਾਹ ਕਰਦੇ ਰਹੇ। ਉਸ ਨੇ ਪੁਲੀਸ ਨੂੰ ਰਕਮ ਅਤੇ ਦਸਤਾਵੇਜ਼ ਵਾਪਸ ਦਿਵਾਉਣ ਲਈ ਕਿਹਾ ਹੈ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।