ਪੱਤਰ ਪ੍ਰੇਰਕ
ਜੀਂਦ, 29 ਮਈ
ਪੁਲੀਸ ਨੇ ਸਫੀਦੋਂ ਦੇ ਨਾਇਬ ਤਹਿਸੀਲਦਾਰ ਸਮੇਤ ਸੱਤ ਜਣਿਆਂ ਨੂੰ ਧੋਖਾਧੜੀ ਅਤੇ ਫਰਜ਼ੀਵਾੜੇ ਸਬੰਧੀ ਦਰਜ ਕੇਸ ਵਿੱਚ ਨਾਮਜ਼ਦ ਕੀਤਾ ਹੈ। ਥਾਣਾ ਪੁਲੀਸ ਸਫੀਦੋਂ ਦੇ ਮੁਤਾਬਕ, ਨਾਇਬ ਤਹਿਸੀਲਦਾਰ ’ਤੇ ਦੋਸ਼ ਹੈ ਕਿ ਉਸਨੇ ਅਦਾਲਤ ਵੱਲੋਂ ਹੁਕਮ ਜਾਰੀ ਕਰਨ ਮਗਰੋਂ ਵੀ ਆਪਣੀਆਂ ਅਧਿਕਾਰਾਂ ਦੀ ਗ਼ਲਤ ਵਰਤੋਂ ਕਰਦਿਆਂ ਦੂਜੀ ਧਿਰ ਨੂੰ ਲਾਭ ਪਹੁੰਚਾਉਣ ਦਾ ਯਤਨ ਕੀਤਾ। ਉਪ-ਮੰਡਲ ਸਫੀਦੋਂ ਦੇ ਪਿੰਡ ਰੱਤਾਖੇੜਾ ਨਿਵਾਸੀ ਸਤੀਸ਼ ਦੀ ਪਤਨੀ ਰਾਜਬਾਲਾ ਨੇ ਪੁਲੀਸ ਨੂੰ ਦੱਸਿਆ ਕਿ ਉਸਦਾ ਪਹਿਲਾ ਵਿਆਹ 1986 ਵਿੱਚ ਰੱਤਾ ਖੇੜਾ ਨਿਵਾਸੀ ਸੁਸ਼ੀਲ ਦੇ ਨਾਲ ਹੋਇਆ ਸੀ। ਇਸ ਦੌਰਾਨ ਉਸਦੇ ਰਾਜੇਸ਼ ਨਾਮਕ ਪੁੱਤਰ ਪੈਦਾ ਹੋਇਆ। ਸੁਸ਼ੀਲ ਦੀ ਮੌਤ ਮਗਰੋਂ 1990 ਵਿੱਚ ਉਸਦਾ ਦੂਸਰਾ ਵਿਆਹ ਸੁਸ਼ੀਲ ਦੇ ਛੋਟੇ ਭਰਾ ਸਤੀਸ਼ ਨਾਲ ਕਰ ਦਿੱਤਾ ਗਿਆ। ਇਸ ਦੌਰਾਨ ਉਸਦੇ ਤਿੰਨ ਕੁੜੀਆਂ ਤੇ ਅੰਕਿਤ ਨਾਮ ਦਾ ਲੜਕਾ ਪੈਦਾ ਹੋਇਆ। ਉਸਦੇ ਸਹੁਰੇ ਸਤਿਆ ਨਰਾਇਣ ਨੇ ਰਾਜੇਸ਼ ਅਤੇ ਅੰਕਿਤ ਦੇ ਨਾਮ ਵਸੀਅਤ ਕਰਵਾ ਦਿੱਤੀ ਸੀ, ਪਰ ਰੱਤਾਖੇੜਾ ਨਿਵਾਸੀ ਨਰਿੰਦਰ ਅਤੇ ਉਸਦੀ ਧੀ ਬਿਮਲਾ ਨੇ ਉਸਦੇ ਸਹੁਰੇ ਨੂੰ ਬਹਿਕਾ ਕੇ ਇੱਕ ਹੋਰ ਵਸੀਅਤ ਕਰਵਾ ਦਿੱਤੀ। ਮੁਲਜ਼ਮਾਂ ਨੇ ਨਾਇਬ ਤਹਿਸੀਲਦਾਰ ਨਾਲ ਕਥਿਤ ਮਿਲੀਭੁਗਤ ਕਰਕੇ ਜ਼ਮੀਨ ਨੂੰ ਨਿਰਮਲਾ ਅਤੇ ਉਸਦੀ ਧੀ ਬਿਮਲਾ ਦੇ ਨਾਮ ਕਰਵਾ ਲਈ। ਸਫੀਦੋਂ ਪੁਲੀਸ ਨੇ ਰਾਜਬਾਲਾ ਦੀ ਸ਼ਿਕਾਇਤ ’ਤੇ ਨਾਇਬ ਤਹਿਸੀਲਦਾਰ ਸਮੇਤ ਸੱਤ ਜਣਿਆਂ ਖ਼ਿਲਾਫ਼ ਧੋਖਾਧੜੀ ਤੇ ਫਰਜ਼ੀਵਾੜੇ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।