ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 14 ਅਕਤੂਬਰ
ਸ਼ਾਹਬਾਦ ਦੇ ਨੇੜਲੇ ਪਿੰਡ ਅਰੂਪ ਨਗਰ ਵਿੱਚ ਇੱਕ ਸ਼ਰਾਰਤੀ ਤੱਤ ਵਲੋਂ ਪਿੰਡ ਦੀ ਸੜਕ ’ਤੇ ਵੱਖ ਵੱਖ ਥਾਈਂ ਖੜ੍ਹੀਆਂ ਤਿੰਨ ਕਾਰਾਂ ਤੇ ਇੱਕ ਟਰੱਕ ਨੂੰ ਕਥਿਤ ਤੌਰ ’ਤੇ ਅੱਗ ਲਾ ਦਿੱਤੀ। ਨੇੜੇ ਹੀ ਰਹਿੰਦੇ ਮਕਾਨ ਮਾਲਕ ਸੁਰਿੰਦਰ ਕੁਮਾਰ ਨੇ ਵਾਹਨਾਂ ਨੂੰ ਅੱਗ ਲੱਗੀ ਦੇਖ ਕੇ ਰੌਲਾ ਪਾ ਦਿੰਤਾ। ਪਿੰਡ ਵਾਸੀਆਂ ਦੀ ਮਦਦ ਨਾਲ ਟਰਕ ਤੇ ਦੋ ਕਾਰਾਂ ਵਿੱਚ ਲਗੀ ਅੱਗ ਨੂੰ ਬੁਝਾ ਦਿੱਤਾ ਗਿਆ, ਪਰ ਇੱਕ ਕਾਰ ਸੜ ਕੇ ਸੁਆਹ ਹੋ ਗਈ। ਸੂਚਨਾ ਮਿਲਦੇ ਹੀ ਪੁਲੀਸ ਘਟਨਾ ਸਥਾਨ ’ਤੇ ਪੁੱਜੀ। ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਸਿਰਫ਼ ਇੱਕ ਘੰਟੇ ਵਿਚ ਹੀ ਮੁਲਜ਼ਮ ਦਾ ਪਤਾ ਲਾ ਲਿਆ। ਉਸ ਦੀ ਪਛਾਣ ਵਾਜਿਦ ਖਾਨ ਵਾਸੀ ਮਾਇਆ ਕਾਲੋਨੀ ਅਰੂਪ ਨਗਰ ਵਜੋਂ ਹੋਈ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਰੂਪ ਨਗਰ ਵਾਸੀ ਮਹਿੰਦਰ ਸਿੰਘ ਦੀ ਮਹਿੰਦਰਾ ਕਾਰ ਸੜ ਕੇ ਸੁਆਹ ਹੋ ਗਈ। ਪੁਲੀਸ ਨੇ ਮਹਿੰਦਰ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਾਇਰ ਬ੍ਰਿਗੇਡ ਦੀ ਗੱਡੀ ਦੇਰ ਲਗਪਗ ਡੇਢ ਘੰਟਾ ਦੇਰੀ ਨਾਲ ਪੁੱਜੀ, ਉਦੋਂ ਤਕ ਕਾਰ ਸੜ ਚੁੱਕੀ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਘਟਨਾ ਵਾਪਰਦੇ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਸੀ। ਪੁਲੀਸ ਦੇ 112 ਨੰਬਰ ਫੋਨ ’ਤੇ ਕਿਸੇ ਨੇ ਫੋਨ ਨਹੀਂ ਚੁੱਕਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲਗਪਗ 25 ਵਾਰ ਪੁਲੀਸ ਨੂੰ ਫੋਨ ਕੀਤਾ ਗਿਆ। ਹੁੱਡਾ ਚੌਕੀ ਇੰਚਾਰਜ ਸਾਹਿਬ ਸਿੰਘ ਨੇ ਕਿਹਾ ਕਿ ਫਾਇਰ ਬ੍ਰਿਗੇਡ ਦੀ ਗਡੀ ਲੇਟ ਕਿਉਂ ਆਈ ਜਾਂਚ ਕੀਤੀ ਜਾਵੇਗੀ।