ਸਰਬਜੋਤ ਸਿੰਘ ਦੁੱਗਲ
ਕਰਨਾਲ, 5 ਮਈ
ਹਰਿਆਣਾ ਪੁਲੀਸ ਨੇ ਅੱਜ ਸਵੇਰੇ ਕਰਨਾਲ ਜ਼ਿਲ੍ਹੇ ’ਚ ਕੌਮੀ ਮਾਰਗ ਤੋਂ ਇਨੋਵਾ ’ਚ ਸਵਾਰ ਚਾਰ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਿਜਨ੍ਹਾਂ ਦੇ ਸਬੰਧ ਖਾਲਿਸਤਾਨੀ ਜਥੇਬੰਦੀਆਂ ਨਾਲ ਦੱਸੇ ਜਾਂਦੇ ਹਨ। ਉਨ੍ਹਾਂ ਦੇ ਕਬਜ਼ੇ ’ਚੋਂ ਵੱਡੀ ਮਾਤਰਾ ’ਚ ਆਈਈਡੀ, ਹਥਿਆਰ ਤੇ ਅਸਲਾ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਅਤਿਵਾਦੀਆਂ ’ਚੋਂ ਤਿੰਨ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਤੇ ਇੱਕ ਲੁਧਿਆਣਾ ਨਾਲ ਸਬੰਧਤ ਹੈ। ਗ੍ਰਿਫ਼ਤਾਰ ਗਏ ਵਿਅਕਤੀਆਂ ਕਥਿਤ ਤੌਰ ’ਤੇ ਪਾਕਿਸਤਾਨ ਆਧਾਰਿਤ ਇੱਕ ਵਿਅਕਤੀ ਦੇ ਸੰਪਰਕ ’ਚ ਦੱਸੇ ਜਾ ਰਹੇ ਹਨ ਜੋ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਵੱਖ ਵੱਖ ਥਾਵਾਂ ’ਤੇ ਪਹੁੰਚਾਉਣ ਲਈ ਦਿੰਦਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਭੁਪਿੰਦਰ ਸਿੰਘ ਵਾਸੀ ਲੁਧਿਆਣਾ ਅਤੇ ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ ਤੇ ਅਮਨਦੀਪ ਸਿੰਘ (ਤਿੰਨੇ) ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੰਟੈਲੀਜੈਂਸ ਬਿਊਰੋ ਤੋਂ ਮਿਲੀ ਸੂਚਨਾ ਤੋਂ ਬਾਅਦ ਕਰਨਾਲ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਨੇ ਬਸਤਾੜਾ ਟੋਲ ਪਲਾਜ਼ੇ ਕੋਲ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਇੱਕ ਸ਼ੱਕੀ ਇਨੋਵਾ ਗੱਡੀ ਨੂੰ ਜਾਂਚ ਲਈ ਰੋਕਿਆ ਤਾਂ ਤਲਾਸ਼ੀ ਦੌਰਾਨ ਇਸ ’ਚੋਂ ਢਾਈ-ਢਾਈ ਕਿੱਲੋ ਆਈਈਡੀ ਨਾਲ ਭਰੇ ਤਿੰਨ ਕੰਟੇਨਰ, ਇੱਕ ਪਿਸਤੌਲ, 31 ਕਾਰਤੂਸ ਤੇ 1.3 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਪੁਲੀਸ ਨੇ ਕਾਰ ’ਚ ਸਵਾਰ ਚਾਰਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਾਰਾਂ ਨੂੰ ਥਾਣਾ ਮਧੂਬਨ ਲਿਜਾ ਕੇ ਉਨ੍ਹਾਂ ਤੋ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਕਰਨਾਲ ਦੇ ਐੱਸਪੀ ਗੰਗਾ ਰਾਮ ਪੂਨੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹਾਂ ਦੇ ਸਬੰਧ ਬੱਬਰ ਖਾਲਸਾ ਜਥੇਬੰਦੀ ਨਾਲ ਹੋ ਸਕਦੇ ਹਨ। ਪੁੱਛ ਪੜਤਾਲ ਲਈ ਪੰਜਾਬ ਪੁਲੀਸ ਸਮੇਤ ਹੋਰ ਸੁਰੱਖਿਆ ਏਜੰਸੀਆਂ ਦੀ ਟੀਮ ਵੀ ਪਹੁੰਚੀ ਹੈ। ਐਸਪੀ ਪੂਨੀਆ ਨੇ ਦੱਸਿਆ ਕਿ ਚਾਰੇ ਮੁਲਜ਼ਮ ਪਾਕਿਸਤਾਨੀ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ। ਰਿੰਦਾ ਨੇ ਹੀ ਇਨ੍ਹਾਂ ਨੂੰ ਅਸਲਾ ਸਪਲਾਈ ਕੀਤਾ ਸੀ ਅਤੇ ਉਸ ਨੂੰ ਆਦਿਲਾਬਾਦ (ਤਿਲੰਗਾਨਾ) ਪਹੁੰਚਾਉਣ ਦਾ ਕੰਮ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਮੁਲਜ਼ਮ ਨਾਂਦੇੜ ਕੋਲ ਅਜਿਹਾ ਸਾਮਾਨ ਪਹੁੰਚਾ ਚੁੱਕੇ ਹਨ। ਰਿੰਦਾ ਇਨ੍ਹਾਂ ਨੂੰ ਇਹ ਸਾਮਾਨ ਡਰੋਨ ਨਾਲ ਸਪਲਾਈ ਕਰਦਾ ਸੀ ਅਤੇ ਮੋਬਾਈਲ ਐਪ ਤੋਂ ਲੋਕੇਸ਼ਨ ਭੇਜਦਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਫਿਰੋਜ਼ਪੁਰ ਵਿੱਚ ਭਾਰਤ-ਪਾਕਿ ਸਰਹੱਦ ਕੋਲ ਮੁਲਜ਼ਮ ਗੁਰਪ੍ਰੀਤ ਦੇ ਦੋਸਤ ਆਕਾਸ਼ਦੀਪ ਦੇ ਨਾਨਕੇ ਦੇ ਖੇਤ ਹਨ।
ਉਨ੍ਹਾਂ ਖੇਤਾਂ ’ਚ ਡਰੋਨ ਨਾਲ ਵਿਸਫੋਟਕ ਦੀ ਸਪਲਾਈ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਗੁਰਪ੍ਰੀਤ ਜੇਲ੍ਹ ਜਾ ਚੁੱਕਿਆ ਹੈ। ਜੇਲ੍ਹ ਵਿੱਚ ਹੀ ਉਸ ਦੀ ਮੁਲਾਕਾਤ ਰਾਜਵੀਰ ਨਾਂ ਦੇ ਵਿਅਕਤੀ ਨਾਲ ਹੋਈ ਸੀ। ਰਾਜਵੀਰ ਦੀ ਪਾਕਿਸਤਾਨੀ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਪੁਰਾਣੀ ਪਛਾਣ ਹੈ। ਰਾਜਵੀਰ ਨੇ ਹੀ ਗੁਰਪ੍ਰੀਤ ਦੀ ਗੱਲ ਰਿੰਦਾ ਨਾਲ ਕਰਵਾਈ ਸੀ। ਉਹ ਕਰੀਬ 9 ਮਹੀਨੇ ਤੋਂ ਇਕ-ਦੂਜੇ ਦੇ ਸੰਪਰਕ ਵਿੱਚ ਸਨ।