ਰਤਨ ਸਿੰਘ ਢਿੱਲੋਂ
ਅੰਬਾਲਾ, 24 ਜੁਲਾਈ
ਇੱਥੋਂ ਦੀ ਸੀਆਈਏ ਪੁਲੀਸ ਨੇ ਅੰਬਾਲਾ ਛਾਉਣੀ ਦੇ ਪਿੰਡ ਬਬਿਆਲ ਦੇ ਸ਼ਮਸ਼ਾਨਘਾਟ ਨੇੜਿਓਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਗੈਂਗ ਨਾਲ ਸਬੰਧਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਸ਼ਸ਼ਾਂਕ ਪਾਂਡੇ ਵਾਸੀ ਆਦਰਸ਼ ਨਗਰ ਗੋਰਖਪੁਰ ਕੈਂਟ (ਯੂਪੀ), ਸਾਹਿਲ ਉਰਫ਼ ਬੱਗਾ ਵਾਸੀ ਪਿੰਡ ਬਬਿਆਲ, ਅਸ਼ਵਨੀ ਉਰਫ਼ ਮਨੀਸ਼ ਵਾਸੀ ਵਿਸ਼ਵਕਰਮਾ ਨਗਰ ਅੰਬਾਲਾ ਛਾਉਣੀ ਅਤੇ ਬੰਟੀ ਵਾਸੀ ਨਿਊ ਪ੍ਰੀਤ ਨਗਰ ਅੰਬਾਲਾ ਛਾਉਣੀ ਵਜੋਂ ਹੋਈ ਹੈ।
ਇਸ ਸਬੰਧੀ ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 3 ਨਾਜਾਇਜ਼ ਪਿਸਤੌਲਾਂ ਤੇ 22 ਰੌਂਦ ਤੇ 3 ਸਮਾਰਟ ਫੋਨ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਵਿੱਚ ਉਕਤ ਬਦਮਾਸ਼ਾਂ ਨੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਮੈਂਬਰ ਦੱਸਿਆ ਹੈ। ਸ੍ਰੀ ਰੰਧਾਵਾ ਨੇ ਦੱਸਿਆ ਕਿ ਥਾਣਾ ਮਹੇਸ਼ ਨਗਰ ਦੀ ਪੁਲੀਸ ਨੇ ਸੀਆਈਏ-2 ਦੇ ਸਬ ਇੰਸਪੈਕਟਰ ਵਿਜੈ ਕੁਮਾਰ ਦੀ ਸ਼ਿਕਾਇਤ ’ਤੇ ਚਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ਼ਸ਼ਾਂਕ ਪਾਂਡੇ ਮੱਧ ਪ੍ਰਦੇਸ਼ ਵਿੱਚੋਂ 8 ਪਿਸਤੌਲ ਲੈ ਕੇ ਆਇਆ ਸੀ, ਜਿਨ੍ਹਾਂ ਵਿਚੋਂ ਹਾਲ ਦੀ ਘੜੀ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਹਨ ਤੇ ਬਾਕੀ ਪਿਸਤੌਲਾਂ ਦੀ ਬਰਾਮਦੀ ਲਈ ਰਿਮਾਂਡ ਦੌਰਾਨ ਪੜਤਾਲ ਕੀਤੀ ਜਾਵੇਗੀ। ਉੱਧਰ, ਗ੍ਰਹਿ ਮੰਤਰੀ ਅਨਿਲ ਵਿੱਜ ਨੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਵੱਲੋਂ ਸੂਬੇ ਵਿੱਚ ਗੈਂਗਸਟਰਾਂ ਦੀਆਂ ਗ੍ਰਿਫ਼ਤਾਰੀਆਂ ਜਾਰੀ ਹਨ।