ਪੱਤਰ ਪ੍ਰੇਰਕ
ਕਾਲਾਂਵਾਲੀ, 5 ਅਕਤੂਬਰ
ਖੇਤਰ ਦੇ ਪਿੰਡ ਨੂਹੀਆਂਵਾਲੀ ਵਿੱਚ ਦੋ ਧਿਰਾਂ ਵਿਚਾਲੇ ਹੋਈ ਲੜਾਈ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ| ਇਸ ਸਬੰਧੀ ਪੁਲੀਸ ਨੇ ਦੋਹਾਂ ਧਿਰਾਂ ਦੀਆਂ ਚਾਰ ਔਰਤਾਂ ਸਮੇਤ ਸੱਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ|
ਪਹਿਲੀ ਧਿਰ ਦੇ ਪਾਂਡੂ ਰਾਮ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਆਪਣੇ ਘਰ ਦੇ ਸਾਹਮਣੇ ਵਾਲੇ ਪਲਾਟ ’ਚ ਜਾ ਰਿਹਾ ਸੀ| ਇਸ ਦੌਰਾਨ ਉਸ ਦਾ ਗੁਆਂਢੀ ਲਾਲ ਚੰਦ ਉਸ ਨੂੰ ਗਾਲ੍ਹਾਂ ਕੱਢਣ ਲੱਗਾ| ਇਸੇ ਦੌਰਾਨ ਲਾਲ ਚੰਦ ਦੀ ਪਤਨੀ ਕਮਲੇਸ਼ ਅਤੇ ਉਸ ਦੀ ਧੀ ਕਾਂਤਾ ਵੀ ਉੱਥੇ ਆ ਗਈਆਂ ਅਤੇ ਉਨ੍ਹਾਂ ਨੇ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ| ਰੌਲਾ ਪਾਉਣ ’ਤੇ ਜਦੋਂ ਉਸ ਦੀ ਪਤਨੀ ਪਰਮੇਸ਼ਵਰੀ ਦੇਵੀ ਉਸ ਨੂੰ ਛੁਡਾਉਣ ਆਈ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਵੀ ਕੁੱਟਮਾਰ ਕੀਤੀ| ਸੂਚਨਾ ਮਿਲਣ ’ਤੇ ਉਸ ਦਾ ਲੜਕਾ ਗੁਨਪਾਲ ਉੱਥੇ ਆਇਆ ਅਤੇ ਦੋਹਾਂ ਨੂੰ ਔਢਾਂ ਦੇ ਕਮਿਊਨਿਟੀ ਹੈਲਥ ਸੈਂਟਰ ’ਚ ਦਾਖ਼ਲ ਕਰਵਾਇਆ| ਐਸਆਈ ਮਦਨਲਾਲ ਨੇ ਦੱਸਿਆ ਕਿ ਪਾਂਡੂ ਰਾਮ ਦੇ ਬਿਆਨਾਂ ’ਤੇ ਲਾਲ ਚੰਦ, ਕਮਲੇਸ਼ ਅਤੇ ਕਾਂਤਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ| ਉੱਧਰ, ਲਾਲ ਚੰਦ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਗੁਆਂਢੀ ਪਾਂਡੂ ਰਾਮ, ਉਸ ਦੀ ਪਤਨੀ ਪਰਮੇਸ਼ਵਰੀ, ਨੂੰਹ ਨਿਰਮਲਾ ਅਤੇ ਪੋਤਾ ਈਸ਼ਵਰ ਉਸ ਦੇ ਘਰ ਦਾਖ਼ਲ ਹੋਏ| ਉਨ੍ਹਾਂ ਨੇ ਉਸ ਦੀ ਪਤਨੀ ਕਮਲੇਸ਼ ਤੇ ਧੀ ਕਾਂਤਾ ਦੀ ਕੁੱਟਮਾਰ ਕੀਤੀ| ਜਦੋਂ ਉਹ ਛੁਡਾਉਣ ਲੱਗਾ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਵੀ ਕੁੱਟਮਾਰ ਕੀਤੀ| ਇਸ ਲੜਾਈ ਵਿੱਚ ਜ਼ਖ਼ਮੀ ਹੋਏ ਲਾਲ ਚੰਦ ਅਤੇ ਉਸ ਦੀ ਪਤਨੀ ਕਮਲੇਸ਼ ਨੂੰ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ| ਪੁਲੀਸ ਨੇ ਪਾਂਡੂ ਰਾਮ, ਪਰਮੇਸ਼ਵਰੀ ਦੇਵੀ, ਨਿਰਮਲਾ ਅਤੇ ਈਸ਼ਵਰ ਖ਼ਿਲਾਫ਼ ਵੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ|