ਟ੍ਰਿਬਿਊਨ ਨਿਊਜ਼ ਸਰਵਿਸ
ਅੰਬਾਲਾ, 1 ਜੁਲਾਈ
ਭੀਮ ਆਰਮੀ ਮੁਖੀ ਚੰਦਰ ਸ਼ੇਖਰ ’ਤੇ ਬੀਤੇ ਦਿਨ ਹੋਏ ਹਮਲੇ ਦੇ ਸਬੰਧ ’ਚ ਇੱਥੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਯੂਪੀ ਪੁਲੀਸ ਅਤੇ ਹਰਿਆਣਾ ਦੀ ਐੱਸਟੀਐੱਫ ਟੀਮ ਨੇ ਜ਼ਿਲ੍ਹਾ ਅੰਬਾਲਾ ਦੇ ਸ਼ਾਹਜ਼ਾਦਪੁਰ ਇਲਾਕੇ ਤੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਟੀਐੱਫ ਦੀ ਅੰਬਾਲਾ ਇਕਾਈ ਦੇ ਡੀਐੱਸਪੀ ਅਮਨ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਵਿਕਾਸ, ਪ੍ਰਸ਼ਾਂਤ ਤੇ ਲੋਵਿਸ਼ ਵਜੋਂ ਹੋਈ ਹੈ ਜੋ ਯੂਪੀ ਦੇ ਦਿਓਬੰਦ ਇਲਾਕੇ ’ਚ ਪੈਂਦੇ ਸਹਾਰਨਪੁਰ ਜ਼ਿਲ੍ਹੇ ਦੇ ਪਿੰਡ ਰਣਖੰਡੀ ਨਾਲ ਸਬੰਧਤ ਹਨ ਜਦਕਿ ਚੌਥਾ ਮੁਲਜ਼ਮ ਵਿਕਾਸ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਗੋਂਦਰ ਨਾਲ ਸਬੰਧਤ ਹੈ। ਉਨ੍ਹਾਂ ਤੋਂ ਕੋਈ ਅਸਲਾ ਬਰਾਮਦ ਨਹੀਂ ਹੋਇਆ। ਇਸੇ ਦੌਰਾਨ ਉੱਤਰ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਬਰਜੇਸ਼ ਪਾਠਕ ਨੇ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ।