ਅੰਬਾਲਾ: ਅੰਬਾਲਾ ਪੁਲੀਸ ਨੇ ਦੇਹ ਵਪਾਰ ਦੇ ਇਕ ਹੋਰ ਅੱਡੇ ਦਾ ਪਰਦਾਫਾਸ਼ ਕਰਦਿਆਂ ਮਹਿਲਾ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਈਸਟ ਦੁਰਗਾ ਨਗਰ ਅੰਬਾਲਾ ਸ਼ਹਿਰ ਵਿੱਚ ਬੇਵੱਸ ਲਾਚਾਰ ਕੁੜੀਆਂ ਨੂੰ ਲਿਆ ਕੇ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਹੈ। ਸੂਚਨਾ ਮਿਲਣ ਤੋਂ ਬਾਅਦ ਡੀਐੱਸਪੀ ਹੈੱਡਕੁਆਰਟਰ ਰਮੇਸ਼ ਕੁਮਾਰ ਦੀ ਅਗਵਾਈ ਹੇਠ ਪੁਲੀਸ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਈਸਟ ਦੁਰਗਾ ਨਗਰ ਦੇ ਇਕ ਮਕਾਨ ‘ਚ ਛਾਪਾ ਮਾਰ ਕੇ ਮੁਲਜ਼ਮ ਵਿਨੋਦ ਕੁਮਾਰ ਵਾਸੀ ਦੁਰਗਾ ਨਗਰ, ਰਾਕੇਸ਼ ਕੁਮਾਰ ਵਾਸੀ ਪਿੰਡ ਪੰਨੀ ਜ਼ਿਲ੍ਹਾ ਗੌਂਡਾ (ਯੂਪੀ) ਹਾਲ ਵਾਸੀ ਦੁਰਗਾ ਨਗਰ, ਸੁਖਜੀਤ ਸਿੰਘ ਵਾਸੀ ਭਾਨੋਖੇੜੀ ਅਤੇ ਇਕ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਥਾਣਾ ਸੈਕਟਰ-9 ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। -ਨਿੱਜੀ ਪੱਤਰ ਪ੍ਰੇਰਕ