ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 13 ਸਤੰਬਰ
ਕ੍ਰਿਪਟੋ ਵਰਲਡ ਟਰੇਡਿੰਗ ਕੰਪਨੀ ਦੇ ਨਾਂ ’ਤੇ ਹੋਏ ਘਪਲੇ ਵਿਚ ਅੰਬਾਲਾ ਪੁਲੀਸ ਨੇ ਮੁੱਖ ਮੁਲਜ਼ਮ ਤਰੁਣ ਤਨੇਜਾ ਸਣੇ ਸ਼ਾਹਬਾਦ ਦੇ ਰਮੇਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਕਪਿਲ ਜਸਵਾਰ ਅਤੇ ਵਿਕਾਸ ਕਾਲੜਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇੱਥੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਐਸਪੀ ਅੰਬਾਲਾ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ 13 ਬੈਂਕ ਖਾਤੇ ਸੀਜ਼ ਕਰ ਕੇ 60 ਲੱਖ ਰੁਪਏ ਅਤੇ ਚਾਰ ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ। ਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਫ਼ਰਾਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਡੀਐੱਸਪੀ ਜੋਗਿੰਦਰ ਸ਼ਰਮਾ ਦੀ ਅਗਵਾਈ ਵਿੱਚ ਟੀਮ ਬਣਾਈ ਗਈ ਸੀ। ਇਸ ਟੀਮ ਨੇ ਛੇ ਸਤੰਬਰ ਨੂੰ ਮੁਲਜ਼ਮ ਕਪਿਲ ਜਸਵਾਰ ਤੇ ਵਿਕਾਸ ਕਾਲੜਾ ਨੂੰ ਗ੍ਰਿਫ਼ਤਾਰ ਕੀਤਾ। ਤੀਜੇ ਮੁਲਜ਼ਮ ਤਰੁਣ ਤਨੇਜਾ ਨੂੰ 10 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਕੱਲ੍ਹ ਮੁਲਜ਼ਮ ਰਮੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੜਤਾਲ ਦੌਰਾਨ ਮੁਲਜ਼ਮਾਂ ਕੋਲੋਂ 60 ਲੱਖ ਕੀਮਤ ਦੀ ਜਾਇਦਾਦ ਜ਼ਬਤ ਕਰ ਕੇ 13 ਬੈਂਕ ਖਾਤੇ ਸੀਜ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਚਾਰ ਗੱਡੀਆਂ, ਨਗਦੀ ਅਤੇ ਸੋਨਾ ਵੀ ਬਰਾਮਦ ਕੀਤਾ ਗਿਆ ਹੈ। ਐਸਪੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਮਨਦੀਪ ਸਿੰਘ ਨੇ 24 ਅਗਸਤ ਨੂੰ ਥਾਣਾ ਸਦਰ ਅੰਬਾਲਾ ਵਿੱਚ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਸੀ ਕਿ ਮੁਲਜ਼ਮ ਕਪਿਲ, ਵਿਕਾਸ, ਪਵਨ ਕੁਮਾਰ ਨੇ ਕ੍ਰਿਪਟੋ ਵਰਲਡ ਟਰੇਡਿੰਗ ਕੰਪਨੀ ਵਿੱਚ ਪੈਸਾ ਜਮ੍ਹਾਂ ਕਰਵਾਉਣ ਦੇ ਨਾਂ ’ਤੇ ਧੋਖਾਧੜੀ ਕੀਤੀ ਹੈ। ਐਸਪੀ ਨੇ ਦੱਸਿਆ ਕਿ ਪੁਲੀਸ ਕੁੱਲ ਨਿਵੇਸ਼ ਸਣੇ ਹੋਰ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ। ਪੁਲੀਸ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੜਤਾਲ ਕਰ ਰਹੀ ਹੈ।