ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 19 ਮਈ
ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਅੱਜ ਦੁਪਹਿਰੇ ਪੰਜੋਖਰਾ ਸਾਹਿਬ ਤੋਂ ਘੱਗਰ ਨਦੀ ਤੱਕ 11.25 ਕਿੱਲੋਮੀਟਰ ਲੰਮੀ ਲਿੰਕ ਡਰੇਨ ਦਾ ਪੰਜੋਖਰਾ ਸਾਹਿਬ ਵਿਚ ਨੀਂਹ ਪੱਥਰ ਰੱਖਿਆ। 12.50 ਕਰੋੜ ਰੁਪਏ ਦੀ ਲਾਗਤ ਨਾਲ ਸਿੰਜਾਈ ਅਤੇ ਜਲ ਸਰੋਤ ਵਿਭਾਗ ਹਰਿਆਣਾ ਵੱਲੋਂ ਬਣਾਈ ਜਾਣ ਵਾਲੀ ਇਸ ਡਰੇਨ ਨਾਲ ਪੰਜੋਖਰਾ ਸਾਹਿਬ ਅਤੇ ਆਸ-ਪਾਸ ਦੇ ਪਿੰਡਾਂ ਨੂੰ ਬਰਸਾਤੀ ਪਾਣੀ ਅਤੇ ਹੜ੍ਹ ਤੋਂ ਰਾਹਤ ਮਿਲੇਗੀ। ਸ੍ਰੀ ਵਿੱਜ ਨੇ ਕਿਹਾ ਕਿ ਡਰੇਨ ਦੇ ਬਣਨ ਨਾਲ ਪੰਜੋਖਰਾ ਸਾਹਿਬ, ਖਤੌਲੀ, ਜਨੇਤਪੁਰ, ਗਰਨਾਲਾ ਅਤੇ ਆਸ-ਪਾਸਾ ਦੇ ਹੋਰ ਪਿੰਡਾਂ ਨੂੰ ਇਸ ਦਾ ਲਾਭ ਹੋਵੇਗਾ। ਪੰਜੋਖਰਾ ਸਾਹਿਬ ਤੋਂ ਸ਼ੁਰੂ ਹੋਣ ਵਾਲੀ ਇਹ ਡਰੇਨ ਦੇਵੀਨਗਰ ਲਾਗੇ ਅੰਬਾਲਾ ਡਰੇਨ ਵਿਚ ਜਾ ਕੇ ਮਿਲੇਗੀ ਅਤੇ ਉੱਥੋਂ ਪਾਣੀ ਘੱਗਰ ਵਿਚ ਜਾਵੇਗਾ। ਵਿੱਜ ਨੇ ਦੱਸਿਆ ਕਿ ਪੰਜੋਖਰਾ ਸਾਹਿਬ ਵਿਚ ਕਰੋੜਾਂ ਰੁਪਏ ਦੇ ਵਿਕਾਸ ਦੇ ਬੇਮਿਸਾਲ ਕੰਮ ਹੋਏ ਹਨ। ਭਵਿੱਖ ਵਿਚ 40 ਕਿੱਲੋਮੀਟਰ ਲੰਮੀ ਰਿੰਗ ਰੋਡ ਬਣ ਰਹੀ ਹੈ। ਇਸ ਮੌਕੇ ਤੇ ਐਸਡੀਐਮ ਅੰਬਾਲਾ ਛਾਉਣੀ ਡਾ.ਬਲਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਤੇ ਭਾਜਪਾ ਵਰਕਰ ਮੌਜੂਦ ਰਹੇ।