ਪੱਤਰ ਪ੍ਰੇਰਕ
ਡੱਬਵਾਲੀ, 28 ਅਕਤੂਬਰ
ਪਿੰਡ ਅਹਿਮਦਪੁਰ ਦਾਰੇਵਾਲਾ ਦੇ ਇਤਿਹਾਸ ਵਿੱਚ ਸਰਬਸੰਮਤੀ ਨਾਲ ਪਹਿਲੀ ਵਾਰ ਔਰਤ ਸਰਪੰਚ ਨੂੰ ਚੁਣਿਆ ਗਿਆ। ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਸਾਬਕਾ ਸਰਪੰਚ ਗੋਵਿੰਦ ਰਾਮ ਕਾਲੜਾ ਦੇ ਪੁੱਤਰ ਅਨਿਲ ਕੁਮਾਰ (ਗੰਗੂ) ਦੀ ਪਤਨੀ ਰਾਧਿਕਾ ਕਾਲੜਾ ਨੂੰ ਪਿੰਡ ਦੀ ਸਰਕਾਰ ਦੀ ਅਗਵਾਈ ਸੌਂਪ ਦਿੱਤੀ। ਪਿੰਡ ਦੇ 12 ਵਾਰਡਾਂ ਵਿੱਚੋਂ 8 ਪੰਚ ਮੈਂਬਰਾਂ ’ਤੇ ਵੀ ਸਹਿਮਤੀ ਬਣ ਗਈ ਹੈ। ਜਦਕਿ ਬਾਕੀ 4 ’ਤੇ ਸਹਿਮਤੀ ਬਣਨੀ ਬਾਕੀ ਹੈ। ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ’ਤੇ ਰਾਧਿਕਾ ਕਾਲੜਾ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਵੱਲੋਂ ਸੌਂਪੇ ਅਹਿਮ ਫਰਜ਼ ਨੂੰ ਲਗਨ ਨਾਲ ਨਿਭਾਏਗੀ ਅਤੇ ਜਨਤਕ ਸਮੱਸਿਆਵਾਂ ਨੂੰ ਲੋਕਾਂ ਦੀ ਹਮਾਇਤ ਨਾਲ ਹੱਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਟੈਂਕਰ ਦਾ ਮੁੱਲ ਖਰੀਦਣਾ ਪੈਂਦਾ ਹੈ। ਇਸ ਦੇ ਨਾਲ ਹੀ ਸਫਾਈ, ਸਿਹਤ, ਸਿੱਖਿਆ, ਨਸ਼ਿਆਂ ਪ੍ਰਤੀ ਜਾਗਰੂਕਤਾ ਸਮੇਤ ਔਰਤਾਂ ਦੇ ਵਿਕਾਸ ਲਈ ਉਪਰਾਲੇ ਕੀਤੇ ਜਾਣਗੇ।