ਪੱਤਰ ਪ੍ਰੇਰਕ
ਯਮੁਨਾਨਗਰ, 15 ਮਈ
ਜਗਾਧਰੀ ਦੀ ਇੱਕੋ ਬਸਤੀ ਦੇ ਰਹਿਣ ਵਾਲੇ ਪੰਜ ਨੌਜਵਾਨ ਇੱਥੇ ਬੁੜੀਆ ਨੇੜੇ ਪੱਛਮੀ ਯਮੁਨਾ ਨਹਿਰ ਵਿੱਚ ਡਿੱਗ ਪਏ, ਜਿਨ੍ਹਾਂ ਵਿੱਚ ਚਾਰ ਜਣੇ ਬਾਹਰ ਨਿਕਲਣ ਵਿੱਚ ਸਫਲ ਰਹੇ। ਇਸ ਦੌਰਾਨ ਡੁੱਬੇ ਇੱਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਕੁਝ ਨੌਜਵਾਨਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਡੋਬਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ। ਜਾਣਕਾਰੀ ਅਨੁਸਾਰ ਸ਼ਾਂਤੀ ਕਲੋਨੀ ਜਗਾਧਰੀ ਵਾਸੀ ਸੁਲੇਮਾਨ, ਅਲਾਉਦੀਨ, ਸੰਨੀ, ਸਾਹਿਲ, ਨਿਖਿਲ, ਸ਼ੌਕੀਨ, ਅਮਨ, ਈਸ਼ੂ, ਸਾਹਿਲ ਅਤੇ ਦੀਪਕ ਯਮੁਨਾ ਨਦੀ ਵਿੱਚ ਨਹਾਉਣ ਲਈ ਗਏ ਸਨ। ਇਨ੍ਹਾਂ ਵਿੱਚੋਂ ਸੁਲੇਮਾਨ, ਅਲਾਉਦੀਨ, ਸੰਨੀ, ਸਾਹਿਲ, ਨਿਖਿਲ ਨਹਿਰ ਵਿੱਚ ਡਿੱਗ ਪਏ ਜਦਕਿ ਸ਼ੌਕੀਨ, ਅਮਨ, ਈਸ਼ੂ, ਸਾਹਿਲ ਅਤੇ ਦੀਪਕ ਬਚ ਗਏ। ਡੁੱਬਣ ਤੋਂ ਬਚੇ ਸਾਹਿਲ ਨੇ ਦੱਸਿਆ ਕਿ ਦੋ ਦਰਜਨ ਤੋਂ ਵੱਧ ਨੌਜਵਾਨਾਂ ਨੇ ਡੰਡਿਆਂ ਅਤੇ ਰਾਡਾਂ ਆਦਿ ਨਾਲ ਉਨ੍ਹਾਂ ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਪਾਣੀ ਵਿੱਚੋਂ ਬਾਹਰ ਵੀ ਨਹੀਂ ਆਉਣ ਦਿੱਤਾ । ਉਨ੍ਹਾਂ ਨੇ ਗੌਰਵ, ਭਰਤੂ, ਸ਼ੰਮੀ ਅਤੇ ਹੋਰਨਾਂ ’ਤੇ ਹਮਲਾ ਕਰਨ ਕਾਰ ਨੂੰ ਵੀ ਨੁਕਸਾਨ ਪਹੁੰਚਾਉਣ ਦਾ ਦੋਸ਼ ਵੀ ਲਾਇਆ। ਡੁੱਬਣ ਕਾਰਨ ਮਰੇ ਲੜਕੇ ਅਲਾਉਦੀਨ ਦੇ ਪਿਤਾ ਇਬਰਾਹਿਮ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਸ ਦੇ ਲੜਕੇ ਦੀ ਸ਼ੰਮੀ ਅਤੇ ਹੋਰਨਾਂ ਨਾਲ ਲੜਾਈ ਹੋਈ ਸੀ, ਜਿਸ ਸਬੰੰਧੀ ਸਮਝੌਤਾ ਹੋ ਗਿਆ ਸੀ। ਇਬਰਾਹਿਮ ਨੇ ਦੋਸ਼ ਲਾਇਆ ਕਿ ਪੁਰਾਣੀ ਦੁਸ਼ਮਣੀ ਕਾਰਨ ਹੀ ਇਹ ਹਮਲਾ ਕੀਤਾ ਗਿਆ ਹੈ। ਮੌਕੇ ’ਤੇ ਮੌਜੂਦ ਡੀਐੱਸਪੀ ਹੈੱਡਕੁਆਰਟਰ ਸੁਭਾਸ਼ ਚੰਦ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।