ਪੱਤਰ ਪ੍ਰੇਰਕ
ਟੋਹਾਣਾ, 11 ਮਾਰਚ
ਬੀਤੀ ਦੇਰ ਰਾਤ ਦੁਕਾਨ ਬੰਦ ਕਰਕੇ ਪੈਦਲ ਹੀ ਆਪਣੇ ਘਰ ਵੱਲ ਜਾ ਰਹੇ ਲੋਹੇ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਅਨਿਲ ਕੁਮਾਰ ਦੇ ਹੱਥੋਂ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰੇ ਪਿਸਤੌਲ ਵਿਖਾ ਕੇ ਹੱਥੋਂ ਥੈਲਾ ਖੋਹ ਕੇ ਫ਼ਾਰਰ ਹੋ ਗਏ। ਵਪਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਥੈਲੇ ਵਿੱਚ ਪੰਜ ਲੱਖ ਦੀ ਨਕਦੀ ਸੀ ਤੇ ਉਹ ਘਰ ਤੋਂ ਕੁੱਝ ਹੀ ਮੀਟਰ ਦੀ ਦੂਰੀ ’ਤੇ ਪੈਂਦੀ ਆਪਣੀ ਲੋਹੇ ਦੀ ਦੁਕਾਨ ਬੰਦ ਕਰਕੇ ਮੁੱਖ ਸੜਕ ਤੋਂ ਗਲੀ ਵਿੱਚ ਜਾ ਰਿਹਾ ਸੀ ਕਿ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਨੌਜਵਾਨ ਪਹਿਲਾਂ ਅੱਗੇ ਲੰਘ ਗਏ। ਕੁਝ ਸਮੇਂ ਬਾਦ ਹੀ ਉਹ ਵਾਪਸ ਆਏ ਜਿਨ੍ਹਾਂ ਵਿੱਚੋ ਇਕ ਨੇ ਉਸ ਨੂੰ ਰੋਕ ਲਿਆ ਤੇ ਪਿਸਤੌਲ ਦਿਖਾਈ। ਐਨੇ ਨੂੰ ਦੂਜੇ ਨੇ ਥੈਲਾ ਖੋਹ ਲਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਐੱਸਐੱਚਓ ਰਾਜਿੰਦਰ ਕੌਸ਼ਲ ਦੀ ਟੀਮ ਮੌਕੇ ’ਤੇ ਪੁੱਜੀ ਤੇ ਪੀੜਤ ਵਪਾਰੀ ਤੋਂ ਵਾਰਦਾਤ ਦੀ ਜਾਣਕਾਰੀ ਲੈ ਕੇ ਜਾਂਚ ਅਰੰਭੀ।
ਕੁੱਟਮਾਰ ਮਾਮਲੇ ਵਿਚ 7 ਨਾਮਜ਼ਦ
ਰਤੀਆ (ਪੱਤਰ ਪ੍ਰੇਰਕ): ਪੁਰਾਣੇ ਵਿਵਾਦ ਦੇ ਚੱਲਦੇ ਹੋਈ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਪੁਲੀਸ ਨੇ ਸ਼ਹਿਰ ਦੇ ਵਾਰਡ ਨੰ. 17 ਦੇ ਰਵੀ ਕੁਮਾਰ ਦੀ ਸ਼ਿਕਾਇਤ ’ਤੇ ਮੱਖਣ, ਸੁੰਦਰ ਅਤੇ ਬੂੰਦੀ ਤੋਂ ਇਲਾਵਾ 4 ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ 1 ਮਾਰਚ ਨੂੰ ਉਹ ਅਤੇ ਉਸ ਦਾ ਸਾਥੀ ਕਿਸ਼ਨ ਉਰਫ਼ ਸਨੀ ਅਰੋੜਾ ਕਲੋਨੀ ਵਿਚ ਸੁਰਿੰਦਰ ਨਾਲ ਪੁਰਾਣੇ ਵਿਵਾਦ ਦੇ ਚੱਲਦੇ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਉਸ ਦਿਨ ਕਰੀਬ 6 ਵਜੇ ਗੇਜਾ ਦੁਕਾਨ ਕੋਲ ਖੜ੍ਹਾ ਸੀ ਤਾਂ ਉਧਰੋਂ ਸੁਰਿੰਦਰ ਆ ਰਿਹਾ ਸੀ ਅਤੇ ਉਨ੍ਹਾਂ ਨੂੰ ਦੇਖ ਕੇ ਉਹ ਮੱਖਣ ਦੇ ਘਰ ਚਲੇ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਮੱਖਣ ਨੂੰ ਸੁਰਿੰਦਰ ਨੂੰ ਘਰ ਵਿੱਚੋਂ ਬਾਹਰ ਕੱਢਣ ਲਈ ਕਿਹਾ ਸੀ ਪਰ ਉਸ ਨੇ ਘਰੋਂ ਬਾਹਰ ਨਹੀਂ ਕੱਢਿਆ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਇਸ ਉਪਰੰਤ ਤਿੰਨਾਂ ਨਾਮਜ਼ਦ ਨੌਜਵਾਨਾਂ ਤੋਂ ਇਲਾਵਾ ਤਿੰਨ ਚਾਰ ਹੋਰ ਨੇ ਉਨ੍ਹਾਂ ਦੋਵਾਂ ’ਤੇ ਸੋਟੀ ਡੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਜਖ਼ਮੀ ਕਰ ਦਿੱਤਾ। ਰੌਲਾ ਪਾਏ ਜਾਣ ਉਪਰੰਤ ਉਥੇ ਲੋਕ ਇਕੱਠੇ ਹੋ ਗਏ। ਮੌਕੇ ਤੋਂ ਸਾਰੇ ਫ਼ਰਾਰ ਹੋ ਗਏ।। ਉਨ੍ਹਾਂ ਰੰਜਿਸ਼ ਦਾ ਕਾਰਨ ਦੱਸਦੇ ਹੋਏ ਕਿਹਾ ਕਿ 2-3 ਦਿਨ ਪਹਿਲਾਂ ਸੁਰਿੰਦਰ ਵਲੋਂ ਮਾੜੀ ਸ਼ਬਦਵਲੀ ਵਰਤਣ ਕਾਰਨ ਵਿਵਾਦ ਹੋਇਆ ਸੀ। ਪੁਲੀਸ ਨੇ ਨੌਜਵਾਨਾਂ ਸਣੇ ਸੱਤ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।