ਪੱਤਰ ਪ੍ਰੇਰਕ
ਜੀਂਦ, 23 ਨਵੰਬਰ
ਤਿੰਨ ਵੱਖ-ਵੱਖ ਸੜਕ ਹਾਦਿਸਆਂ ਦੌਰਾਨ ਮਾਂ-ਪੁੱਤ ਸਣੇ ਪੰਜ ਜਣਿਆਂ ਦੀ ਮੌਤ ਹੋ ਗਈ। ਜੀਂਦ ਵਿੱਚ ਉਚਾਨਾ ਕੋਲ ਪਿੰਡ ਸੁਰਬਰਾ ਤੋਂ ਦਨੌਦਾ ਰੋਡ ਉੱਤੇ ਕਿਸੇ ਦੀ ਉਡੀਕ ਵਿੱਚ ਖੜ੍ਹੇ ਮਾਂ-ਪੁੱਤਰ ਨੂੰ ਕਿਸੇ ਅਣਪਛਾਤੇ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾ ਦੇ ਭਤੀਜੇ ਅਨਿਲ ਦੀ ਸ਼ਿਕਾਇਤ ’ਤੇ ਪੁਲੀਸ ਨੇ ਇੱਕ ਅਣਪਛਾਤੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। ਅਨਿਲ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੀ ਚਾਚੀ ਨੂੰ ਹਿਸਾਰ ਤੋਂ ਦਵਾਈ ਦਿਵਾਉਣ ਲਈ ਬਾਈਕ ਉੱਤੇ ਸਵਾਰ ਹੋ ਕੇ ਨਿਕਲਿਆ ਸੀ। ਦਵਾਈ ਲਈ ਉਹ ਕਿਸੇ ਤੋਂ ਪੈਸੇ ਲੈਣ ਲਈ ਉਸਦੀ ਉਡੀਕ ਵਿੱਚ ਇੱਕ ਖੇਤ ਦੇ ਕੋਲ ਖੜ੍ਹੇ ਹੋ ਗਏ। ਇਸੇ ਦੌਰਾਨ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਗੱਡੀ ਆਈ ਅਤੇ ਉਨ੍ਹਾਂ ਨਾਲ ਟਕਰਾ ਗਈ।
ਇਸੇ ਤਰ੍ਹਾਂ ਜ਼ਿਲ੍ਹੇ ਦੇ ਪਿੰਡ ਬਰੌਦਾ ਵਿੱਚ ਇੱਕ ਅਣਪਛਾਤੇ ਟਰੱਕ ਵੱਲੋਂ ਇੱਕ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਦੀ ਮੌਕੇ ’ਤੇ ਹੀ ਮੌਤ ਗਈ। ਉਚਾਨਾ ਪੁਲੀਸ ਨੇ ਇਸ ਮਾਮਲੇ ਵਿੱਚ ਅਗਿਆਤ ਟਰੱਕ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਰੌਦਾ ਦੇ ਰਾਜਬੀਰ ਨੇ ਥਾਣਾ ਸਦਰ ਪੁਲੀਸ ਨੂੰ ਦੱਸਿਆ ਕਿ ਉਸਦਾ 65 ਸਾਲਾ ਪਿਤਾ ਦੇਵੀਆ ਉਰਫ ਦੇਵੀ ਰਾਮ 19 ਨਵੰਬਰ ਦੀ ਸ਼ਾਮ ਨੂੰ ਸਾਢੇ 8 ਵਜੇ ਕਿਸੇ ਕੰਮ ਲਈ ਹਾਈਵੇ ਕੋਲ ਗਿਆ ਸੀ ਤਾਂ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।
ਟੋਹਾਣਾ (ਪੱਤਰ ਪ੍ਰੇਰਕ): ਦੇਰ ਰਾਤ ਨੂੰ ਪਿੰਡ ਕਰੰਡੀ ਤੋਂ ਘਾਸਵਾ ਵਾਲੀ ਸੜਕ ’ਤੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਕਰੰਡੀ ਦੇ ਗੁਰਬਾਜ਼ ਸਿੰਘ (20) ਪੁੱਤਰ ਗੁਲਜਾਰ ਸਿੰਘ ਤੇ ਕਮਲਦੀਪ (19) ਪੁੱਤਰ ਸਤਵੀਰ ਸਿੰਘ ਘਾਸਵਾ ਰੋਡ ’ਤੇ ਪੈਂਦੇ ਆਪਣੇ ਖੇਤਾਂ ਵਿੱਚੋਂ ਪਿੰਡ ਕਰੰਡੀ ਆ ਰਹੇ ਸਨ ਕਿ ਤੇਜ਼ ਰਫ਼ਤਾਰ ਟਰੈਕਟਰ ਨਾਲ ਟਕਰਾ ਜਾਣ ’ਤੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨਜ਼ਦੀਕ ਪੈਂਦੇ ਰਤੀਆ ਦੇ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਦਿੱਲੀ-ਚਡੀਗੜ੍ਹ ਮਾਰਗ ’ਤੇ ਗੈਸ ਟੈਂਕਰ ਪਲਟਿਆ
ਕਰਨਾਲ (ਪੱਤਰ ਪ੍ਰੇਰਕ): ਇਥੇ ਕਰਨਾਲ ਦੇ ਘਰੌਂਡਾ ਨੇੜੇ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਹਾਦਸਾ ਵਾਪਰਿਆ ਹੈ। ਹਾਈਵੇ ’ਤੇ ਭਾਰਤ ਪੈਟਰੌਲੀਅਮ ਦਾ ਇੱਕ ਗੈਸ ਟੈਂਕਰ ਕਰਨਾਲ ਤੋਂ ਦਿੱਲੀ ਵੱਲ ਜਾ ਰਿਹਾ ਸੀ। ਜਿਵੇਂ ਹੀ ਟੈਂਕਰ ਘਰੌਂਡਾ ਓਵਰਬਰਿੱਜ ’ਤੇ ਸਰਕਾਰੀ ਸਕੂਲ ਦੇ ਪਲੇਅ ਗਰਾਊਂਡ ਨੇੜੇ ਅੱਪੜਿਆ ਤਾਂ ਅਚਾਨਕ ਉਸਦਾ ਸੰਤੁਲਨ ਵਿਗੜ ਗਿਆ, ਜਿਸ ਮਗਰੋਂ ਟੈਂਕਰ ਦਾ ਪਿੱਛਲਾ ਹਿੱਸਾ ਓਵਰਬਰਿੱਜ ਤੋਂ ਹੇਠਾਂ ਉੱਤਰ ਗਿਆ ਅਤੇ ਟੈਂਕਰ ਟੁੱਟ ਕੇ ਕੈਬਨ ਤੋਂ ਵੱਖ ਹੋ ਗਿਆ ਅਤੇ ਰੇਲਿੰਗ ਤੋੜਦਾ ਹੋਇਆ ਸਰਵਿਸ ਰੋਡ ’ਤੇ ਪਲਟ ਗਿਆ। ਇਸ ਦੌਰਾਨ ਸਰਵਿਸ ਰੋਡ ਤੋਂ ਜਾ ਰਹੀ ਇੱਕ ਕਾਰ ਵੀ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਈ। ਹਾਦਸੇ ਵਿੱਚ ਟੈਂਕਰ ਚਾਲਕ ਨੂੰ ਕੋਈ ਚੋਟ ਨਹੀ ਆਈ। ਚਾਲਕ ਨੇ ਜਦੋਂ ਇਹ ਹਾਦਸਾ ਵੇਖਿਆ ਤਾਂ ਉਹ ਗੱਡੀ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੇ ਬਾਅਦ ਘਟਨਾ ਥਾਂ ਤੇ ਰਾਹਗੀਰ ਇਕੱਠੇ ਹੋ ਗਏ। ਹਾਦਸੇ ਦੀ ਦੀ ਸੂਚਨਾ ਮਗਰੋਂ ਪੁਲੀਸ ਅਤੇ ਫਾਇਰ ਵਿਭਾਗ ਮੌਕੇ ’ਤੇ ਪਹੁੰਚਿਆ। ਗੈਸ ਟੈਂਕਰ ਖਾਲੀ ਹੋਣ ਕਾਰਨ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਥਾਣਾ ਇੰਚਾਰਜ ਕੰਵਰ ਸਿੰਘ ਨੇ ਦੱਸਿਆ ਕਿ ਟੈਂਕਰ ਐੱਚਪੀ ਕੰਪਨੀ ਦਾ ਹੈ, ਜੋ ਖਾਲੀ ਸੀ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।