ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 29 ਅਕਤੂਬਰ
ਹਰਿਆਣਾ ਦੇ 9 ਜ਼ਿਲ੍ਹਿਆਂ ਦੇ 61 ਬਲਾਕਾਂ ’ਚ 1278 ਪੰਚਾਇਤ ਸਮਿਤੀਆਂ ਤੇ 175 ਜ਼ਿਲ੍ਹਾ ਪਰਿਸ਼ਦਾਂ ਦੇ ਪਹਿਲੇ ਪੜਾਅ ਲਈ ਵੋਟਾਂ ਭਲਕੇ ਪੈਣਗੀਆਂ। ਇਸ ਲਈ ਚੋਣ ਕਮਿਸ਼ਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਦੂਜੇ ਪਾਸੇ ਚੋਣਾਂ ਤੋਂ ਪਹਿਲਾਂ ਹੀ 133 ਸਰਪੰਚਾਂ ਅਤੇ 17 ਹਜ਼ਾਰ ਤੋਂ ਵੱਧ ਪੰਚਾਂ ਦੀ ਸਰਬਸੰਮਤੀ ਨਾਲ ਚੋਣ ਹੋ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਹਰਿਆਣਾ ਦੇ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਕੀਤਾ ਹੈ। ਚੋਣ ਕਮਿਸ਼ਨਰ ਨੇ ਦੱਸਿਆ ਕਿ ਭਲਕੇ ਸੂਬੇ ਦੇ 22 ਜ਼ਿਲ੍ਹਿਆਂ ਵਿੱਚੋਂ ਨੌਂ ਜ਼ਿਲ੍ਹਿਆਂ- ਭਿਵਾਨੀ, ਝੱਜਰ, ਜੀਂਦ, ਕੈਥਲ, ਮਹਿੰਦਰਗੜ੍ਹ, ਨੂਹ, ਪੰਚਕੂਲਾ, ਪਾਣੀਪਤ ਅਤੇ ਯਮੁਨਾਨਗਰ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇੱਥੇ 49,67,092 ਵੋਟਰ ਆਪਣੀ ਵੋਟ ਦੀ ਵਰਤੋਂ 6019 ਪੋਲਿੰਗ ਬੂਥਾਂ ’ਤੇ ਕਰਨਗੇ। ਇਨ੍ਹਾਂ ਥਾਵਾਂ ’ਤੇ ਵੋਟਿੰਗ ਕਰਵਾਉਣ ਲਈ ਆਬਜ਼ਰਵਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ’ਤੇ ਵੱਧ ਪੁਲੀਸ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਚੋਣ ਕਮਿਸ਼ਨਰ ਮੁਤਾਬਕ ਤੀਜੇ ਪੜਾਅ ਤਹਿਤ ਪੰਚਾਂ ਦੀ ਚੋਣ 22 ਨਵੰਬਰ ਅਤੇ ਸਰਪੰਚਾਂ ਦੀ ਚੋਣ 25 ਨਵੰਬਰ ਨੂੰ ਹੋਵੇਗੀ।