ਪੱਤਰ ਪ੍ਰੇਰਕ
ਯਮੁਨਾਨਗਰ, 23 ਮਈ
ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮਿਊਂਸਿਪਲ ਕਰਮਚਾਰੀ ਯੂਨੀਅਨ ਹਰਿਆਣਾ ਦੇ ਸੱਦੇ ’ਤੇ ਅੱਜ ਪਹਿਲੇ ਦਿਨ ਦੀ ਕਲਮ ਛੋੜ ਹੜਤਾਲ ਕਰਕੇ ਕੰਮ-ਕਾਜ ਠੱਪ ਕੀਤਾ। ਕਰਮਚਾਰੀਆਂ ਨੇ ਨਗਰ ਨਿਗਮ ਦਫ਼ਤਰ ਦੇ ਗੇਟ ਦੇ ਸਾਹਮਣੇ ਇਕੱਠੇ ਹੋ ਕੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪਹਿਲੇ ਦਿਨ ਦੀ ਹੜਤਾਲ ਦੀ ਪ੍ਰਧਾਨਗੀ ਸ਼ਾਖਾ ਮੁਖੀ ਜਨਕਰਾਜ ਨੇ ਕੀਤੀ ਅਤੇ ਸਟੇਜ ਸੰਚਾਲਨ ਸ਼ਾਖਾ ਸਕੱਤਰ ਪ੍ਰਵੇਸ਼ ਪਰੋਚਾ ਨੇ ਕੀਤਾ। ਸੈਂਕੜੇ ਮੁਲਾਜ਼ਮਾਂ ਹੱਥਾਂ ’ਚ ਬੈਨਰ ਅਤੇ ਝੰਡੇ ਲੈ ਕੇ ਜਲੂਸ ਦੀ ਸ਼ਕਲ ’ਚ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਰੇਲਵੇ ਸਟੇਸ਼ਨ ਚੌਕ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੀ ਹੜਤਾਲ ਨੂੰ ਕਮਜ਼ੋਰ ਕਰਨ ਲਈ ਹਰਿਆਣਾ ਸਰਕਾਰ ਅਤੇ ਉਸ ਦੇ ਅਧਿਕਾਰੀ ਮੁਲਾਜ਼ਮ ਆਗੂਆਂ ’ਤੇ ਕੇਸ ਦਰਜ ਕਰ ਰਹੇ ਹਨ ਅਤੇ ਐਸਮਾ ਲਗਾਉਣ ਦੀਆਂ ਧਮਕੀਆਂ ਦੇ ਰਹੇ ਹਨ ਪਰ ਮੁਲਾਜ਼ਮ ਇਸ ਸਮੇਂ ਪੂਰੇ ਮੁਸਤੈਦ ਹਨ ।