ਜਗਤਾਰ ਸਮਾਲਸਰ/ਪ੍ਰਭ ਦਿਆਲ
ਏਲਨਾਬਾਦ/ਸਿਰਸਾ, 13 ਅਕਤੂਬਰ
ਇਨੈਲੋ ਆਗੂ ਅਭੈ ਸਿੰਘ ਚੌਟਾਲਾ ਨੇ ਅੱਜ ਏਲਨਾਬਾਦ ਜ਼ਿਮਨੀ ਚੋਣ ਸਬੰਧੀ ਚੋਣ ਪ੍ਰਚਾਰ ਦੌਰਾਨ ਮਾਖੋਸਰਾਨੀ, ਸ਼ਕਰਮੰਦੋਰੀ, ਰੁਪਾਣਾ ਬਿਸ਼ਨੋਈਆ, ਗੰਜਾ ਰੁਪਾਣਾ, ਚਾਹਰਵਾਲਾ, ਜੋਗੀਵਾਲਾ, ਰਾਮਪੁਰਾ ਬਗੜੀਆ ਅਤੇ ਸ਼ਾਹਪੁਰੀਆ ਪਿੰਡਾਂ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਮਨੀ ਚੋਣ ਦੌਰਾਨ ਲੜਾਈ ਕਿਸਾਨਾਂ ਅਤੇ ਪੂੰਜੀਪਤੀਆਂ ਵਿਚਾਲੇ ਹੈ। ਪੂੰਜੀਪਤੀ ਨਿਜ਼ਾਮ ਦੇ ਖ਼ਿਲਾਫ਼ ਹੀ ਉਨ੍ਹਾਂ ਲੋਕਾਂ ਦੇ ਕਹਿਣ ’ਤੇ ਅਸਤੀਫ਼ਾ ਦਿੱਤਾ ਸੀ ਅਤੇ ਹੁਣ ਲੋਕਾਂ ਦੇ ਕਹਿਣ ’ਤੇ ਹੀ ਉਹ ਦੁਬਾਰਾ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲ 2012-13 ਵਿੱਚ ਕਾਂਗਰਸ ਰਾਜ ਦੌਰਾਨ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਮਸੌਦੇ ਤਿਆਰ ਕੀਤੇ ਗਏ ਸਨ ਪਰ ਸੰਸਦ ਵਿੱਚ ਬਹੁਮਤ ਨਾ ਹੋਣ ਕਾਰਨ ਇਹ ਪਾਸ ਨਹੀਂ ਹੋ ਸਕੇ ਸਨ। ਹੁਣ ਭਾਜਪਾ ਨੇ ਸੱਤਾ ਵਿੱਚ ਆਉਂਦਿਆ ਹੀ ਇਹ ਲਾਗੂ ਕਰ ਦਿੱਤੇ। ਸ੍ਰੀ ਚੌਟਾਲਾ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਕਿਸਾਨਾਂ ਦਾ ਦਰਦ ਨਹੀਂ ਜਾਣਦੀਆਂ, ਇਸੇ ਲਈ ਇਹ ਪਾਰਟੀਆਂ ਨਵੇਂ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀਆਂ ਹਨ।
ਚੌਟਾਲਿਆਂ ਦੇ ਰਾਜ ’ਚ ਏਲਨਾਬਾਦ ਵਿਕਾਸ ਨੂੰ ਤਰਸਿਆ: ਗੋਬਿੰਦ ਕਾਂਡਾ
ਏਲਨਾਬਾਦ ਜ਼ਿਮਨੀ ਚੋਣ ਵਿੱਚ ਭਾਜਪਾ-ਜਜਪਾ ਦੇ ਸਾਂਝੇ ਉਮੀਦਵਾਰ ਗੋਬਿੰਦ ਕਾਂਡਾ ਨੇ ਅੱਜ ਮਹਿਣਾ ਖੇੜਾ, ਚਿਲਕਨੀ ਢਾਬ, ਪੋਹੜਕਾ, ਜਸਾਨੀਆਂ, ਗਿਗੋਰਾਨੀ ਸਮੇਤ ਹੋਰ ਪਿੰਡਾਂ ਦਾ ਦੌਰਾ ਕਰਦਿਆਂ ਕਿਹਾ ਕਿ ਇਸ ਹਲਕੇ ਵਿੱਚ ਅੱਜ ਤੱਕ ਇਨੈਲੋ ਦਾ ਰਾਜ ਰਿਹਾ ਹੈ, ਪਰ ਜਦੋਂ ਇੱਥੋਂ ਦੇ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਇੱਥੋਂ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਰਾਜਸਥਾਨ ਸੀਮਾ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਤੱਕ ਪੀਣ ਵਾਲਾ ਅਤੇ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ। ਸ਼ਹਿਰ ਵਿੱਚ ਨਾ ਸਰਕਾਰੀ ਕਾਲਜ ਹੈ ਤੇ ਨਾ ਹੀ ਖੇਡ ਸਟੇਡੀਅਮ। ਉਨ੍ਹਾਂ ਕਿਹਾ ਕਿ ਮੌਕਾ ਮਿਲਣ ’ਤੇ ਉਹ ਇਲਾਕੇ ਦੇ ਵਿਕਾਸ ਲਈ ਵਚਨਬੱਧ ਹਨ।