ਪੱਤਰ ਪ੍ਰੇਰਕ
ਰਤੀਆ, 24 ਅਕਤੂਬਰ
ਪਿੰਡ ਬੁਰਜਾ ਵਿੱਚ ਦੋ ਗੁੱਟਾਂ ਦੀ ਆਪਸੀ ਲੜਾਈ ਵਿੱਚ 3 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਦੋਨਾਂ ਗੁੱਟਾ ਦਾ ਹਸਪਤਾਲ ਵਿੱਚ ਵੀ ਝਗੜਾ ਗੰਭੀਰ ਰੂਪ ਧਾਰਨ ਕਰ ਗਿਆ। ਇਸ ਦੇ ਚੱਲਦਿਆਂ ਹਸਪਤਾਲ ਪ੍ਰਸ਼ਾਸਨ ਨੂੰ ਪੁਲੀਸ ਦਾ ਸਹਾਰਾ ਲੈਣਾ ਪਿਆ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਦੋਵੇਂ ਧਿਰਾਂ ਨੂੰ ਸ਼ਾਂਤ ਕੀਤਾ ਅਤੇ ਦੂਸਰੇ ਗੁੱਟ ਦੇ ਵਿਅਕਤੀ ਨੂੰ ਅਗਰੋਹਾ ਰੈਫਰ ਕਰਵਾ ਦਿੱਤਾ। ਹਸਪਤਾਲ ਵਿੱਚ ਇਲਾਜ ਅਧੀਨ ਪ੍ਰਕਾਸ਼ ਪੁੱਤਰ ਜਰਨੈਲ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਘਰ ਤੋਂ ਦੁਕਾਨ ’ਤੇ ਦਵਾਈ ਲੈਣ ਜਾ ਰਿਹਾ ਸੀ ਤਾਂ ਦੂਸਰੇ ਗੁੱਟ ਦੇ ਇੱਕ ਵਿਅਕਤੀ ਨੇ ਉਸਨੂੰ ਗਾਲੀ ਗਲੋਚ ਕਰਨ ਦੇ ਨਾਲ ਨਾਲ ਉਸ ’ਤੇ ਹਮਲਾ ਕਰ ਦਿੱਤਾ। ਇਸ ਨਾਲ ਉਸਨੂੰ ਬਚਾਉਣ ਲਈ ਅੱਗੇ ਆਏ ਇੱਕ ਹੋਰ ਵਿਅਕਤੀ ਮਨਜੀਤ ਸਿੰਘ ਵੀ ਜ਼ਖ਼ਮੀ ਹੋ ਗਿਆ। ਇਸ ਝਗੜੇ ਵਿੱਚ ਦੂਸਰੇ ਗੁੱਟ ਦਾ ਸੁਰਜੀਤ ਸਿੰਘ ਵੀ ਜ਼ਖ਼ਮੀ ਹੋਇਆ ਹੈ। ਜਦੋਂ ਉਕਤ ਦੋਵੇਂ ਗੁੱਟ ਹਸਪਤਾਲ ਵਿੱਚ ਇਲਾਜ ਅਧੀਨ ਸਨ ਤਾਂ ਰਾਤ ਨੂੰ ਉੱਥੇ ਵੀ ਦੋਨਾਂ ਗੁੱਟਾਂ ਵਿੱਚ ਝਗੜਾ ਹੋ ਗਿਆ, ਜਿਸ ’ਤੇ ਹਸਪਤਾਲ ਪ੍ਰਸ਼ਾਸਨ ਨੂੰ ਮੌਕੇ ’ਤੇ ਪੁਲਸ ਬੁਲਾਉਣੀ ਪਈ। ਇਸ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਦੂਸਰੇ ਗੁੱਟ ਦੇ ਸੁਰਜੀਤ ਸਿੰਘ ਨੂੰ ਅਗਰੋਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ।