ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 7 ਮਈ
ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਨੇ ਕਿਸਾਨ ਅੰਦੋਲਨ ਲਈ ਬਾਬੈਨ ਖੇਤਰ ਦੇ ਪਿੰਡ ’ਚੋਂ ਲੰਗਰ ਵਾਸਤੇ ਕਣਕ ਇੱਕਠੀ ਕਰਕੇ ਅੱਜ ਪੰਜਵੀਂ ਟਰਾਲੀ ਨੂੰ ਦਿੱਲੀ ਲਈ ਰਵਾਨਾ ਕੀਤਾ। ਇਸ ਮੌਕੇ ਭਾਕਿਯੂ ਬਲਾਕ ਬਾਬੈਨ ਦੇ ਪ੍ਰਧਾਨ ਲਾਲ ਸਿੰਘ ਚਕਚਾਨਪੁਰ, ਸੁਖਵਿੰਦਰ ਭੁਖੜੀ, ਰਾਮ ਸਿੰਘ ਮਲਿਕ, ਰਿੰਕੂ ਮਹੂਆ ਖੇੜੀ, ਰਾਜਿੰਦਰ ਸਿੰਘ ਬਰਗਟ, ਗਿਆਨ ਸਿੰਘ ਆਦਿ ਤੋਂ ਇਲਾਵਾ ਕਈ ਕਾਰਕੁਨਾਂ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਤੇ ਸਰਕਾਰ ਵਿਰੋਧੀ ਨਾਅਰੇ ਲਾਏ ਅਤੇ ਸਰਕਾਰ ਤੋਂ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਲਾਲ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਬਰ ਦੀ ਪ੍ਰੀਖਿਆ ਲੈਣ ਦੀ ਬਜਾਏ ਤੁਰੰਤ ਤਿੰਨੇੇ ਖੇਤੀ ਕਾਨੂੰਨ ਵਾਪਸ ਲੈ ਕੇ ਫਸਲਾਂ ਦੀ ਐੱਮਐੱਸਪੀ ਗਰੰਟੀ ਦਾ ਕਾਨੂੰਨ ਬਣਾਏ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਸਬੰਧੀ ਪਿਛਲੇ ਪੰਜ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਦਿੱਲੀ ਵਿਚ ਅੰਦੋਲਨ ’ਤੇ ਬੈਠੇ ਹਨ ਤੇ ਇਸ ਅੰਦੋਲਨ ਵਿਚ 400 ਤੋਂ ਜ਼ਿਆਦਾ ਕਿਸਾਨ ਆਪਣੀ ਸ਼ਹਾਦਤ ਦੇ ਚੁੱਕੇ ਹਨ ਪਰ ਕੇਂਦਰ ਸਰਕਾਰ ਕੋਈ ਪ੍ਰਵਾਹ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਵਿਚ ਘਮੰਡ ਤੇ ਤਾਨਾਸ਼ਾਹੀ ਆ ਜਾਣ ਕਰਕੇ ਦੇਸ਼ ਵਿਚ ਭਾਜਪਾ ਦਾ ਗਰਾਫ ਤੇਜ਼ੀ ਨਾਲ ਡਿੱਗ ਰਿਹਾ ਹੈ। ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਤੇ ਉਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ਵਿਚ ਕਰਾਰੀ ਹਾਰ ਇਸ ਦੀ ਮਿਸਾਲ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਦੀ ਤਰਜ਼ ’ਤੇ ਆਪਣੀ ਵਾਰੀ ਆਉਣ ’ਤੇ ਕਿਸਾਨ ਅੰਦੋਲਨ ਵਿਚ ਜਾਂਦੇ ਰਹਿਣ।