ਸਰਬਜੋਤ ਸਿੰਘ ਦੁੱਗਲ
ਕਰਨਾਲ, 12 ਅਪਰੈਲ
ਇੱਥੇ ਅੱਜ 3 ਲੁਟੇਰਿਆਂ ਨੇ ਹਥਿਆਰ ਦਿਖਾ ਕੇ 15.5 ਲੱਖ ਰੁਪਏ ਲੁੱਟ ਲਏ ਤੇ ਫਰਾਰ ਹੋ ਗਏ। ਘਟਨਾ ਉਦੋਂ ਵਾਪਰੀ, ਜਦੋਂ ਪੈਟਰੋਲ ਪੰਪ ਦੇ ਕਰਿੰਦੇ ਰਕਮ ਜਮ੍ਹਾਂ ਕਰਵਾਉਣ ਲਈ ਬੈਂਕ ਜਾ ਰਹੇ ਸਨ। ਘਟਨਾ ਤੋਂ ਬਾਅਦ ਪੁਲੀਸ ਸੁਪਰਡੈਂਟ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ਨੇ ਮੌਕੇ ਦਾ ਨਿਰੀਖਣ ਕੀਤਾ। ਘਟਨਾ ਹਾਈਵੇ ਦੇ ਨਾਲ ਲੱਗਦੇ ਪਿੰਡ ਉਚਾਨਾ ਵਿੱਚ ਵਾਪਰੀ। ਇੱਥੋਂ ਦੇ ਇੱਕ ਪੈਟਰੋਲ ਪੰਪ ਦੇ 2 ਕਰਿੰਦੇ ਪੈਸੇ ਜਮ੍ਹ੍ਵਾਂ ਕਰਵਾਉਣ ਲਈ ਨੇੜਲੇ ਉਚਾਨਾ ਪਿੰਡ ਦੇ ਪੰਜਾਬ ਨੈਸ਼ਨਲ ਬੈਂਕ ਜਾ ਰਹੇ ਸਨ। ਰਾਹ ਵਿਚ 3 ਲੁਟੇਰਿਆਂ ਨੇ ਮੰਦਰ ਨੇੜੇ ਉਨ੍ਹਾਂ ਨੂੰ ਰੋਕ ਲਿਆ ਅਤੇ ਪਿਸਤੌਲ ਵਿਖਾਉਂਦੇ ਹੋਏ ਰਕਮ ਹਵਾਲੇ ਕਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਪੈਟਰੋਲ ਪੰਪ ਕਰਮਚਾਰੀਆਂ ਨੇ ਨੋਟਾਂ ਨਾਲ ਭਰਿਆ ਬੈਗ ਲੁਟੇਰਿਆਂ ਦੇ ਹਵਾਲੇ ਕਰ ਦਿੱਤਾ। ਲੁਟੇਰੇ ਨੋਟਾਂ ਨਾਲ ਭਰਿਆ ਬੈਗ ਲੈ ਕੇ ਹਾਈਵੇਅ ਵੱਲ ਫਰਾਰ ਹੋ ਗਏ। ਮਗਰੋਂ ਕਰਨਾਲ ਦੇ ਐੱਸਪੀ ਗੰਗਾਰਾਮ ਪੂਨੀਆ ਪੈਟਰੋਲ ਪੰਪ ‘ਤੇ ਪਹੁੰਚੇ। ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਗਈ, ਜਦਕਿ ਸੀਆਈਏ ਦੀ ਟੀਮ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਪੁਲੀਸ ਫਿਲਹਾਲ ਲੁਟੇਰਿਆਂ ਬਾਰੇ ਸੁਰਾਗ ਹਾਸਲ ਕਰਨ ਲਈ ਘਟਨਾ ਵਾਲੀ ਥਾਂ ਦੇ ਸਾਰੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ਼ ਨੂੰ ਖੰਘਾਲ ਰਹੀ ਹੈ।