ਰਤਨ ਸਿੰਘ ਢਿੱਲੋਂ
ਅੰਬਾਲਾ, 19 ਸਤੰਬਰ
ਨੇੜਲੇ ਬਰਾੜਾ ਕਸਬੇ ਵਿਚ ਲੰਘੀ ਰਾਤ ਚੋਰਾਂ ਨੇ ਘਰ ਵਿਚ ਇਕੱਲੇ ਰਹਿ ਰਹੇ ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਹਰਭਜਨ ਕੌਰ ਦੇ ਸਿਰ ਵਿਚ ਇੱਟ ਨਾਲ ਵਾਰ ਕਰਕੇ ਦੋਹਾਂ ਨੂੰ ਬੇਹੋਸ਼ ਕਰ ਦਿੱਤਾ ਅਤੇ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਕੁਲਦੀਪ ਸਿੰਘ ਦੇ ਭਰਾ ਸੁਰਜੀਤ ਸਿੰਘ ਨੇ ਕਿਹਾ ਕਿ ਕੁਲਦੀਪ ਸਿੰਘ ਦਾ ਲੜਕਾ ਇਟਲੀ ਗਿਆ ਹੋਇਆ ਹੈ। ਅੱਜ ਸਵੇਰੇ ਜਦੋਂ ਦੋਧੀ ਨੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕਿਸੇ ਨੇ ਆਵਾਜ਼ ਨਾ ਦਿੱਤੀ। ਗੁਆਂਢੀਆਂ ਦੀ ਮਦਦ ਨਾਲ ਅੰਦਰ ਜਾ ਕੇ ਵੇਖਿਆ ਕਿ ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਬੈੱਡ ’ਤੇ ਬੇਹੋਸ਼ ਪਏ ਸਨ। ਦੋਹਾਂ ਦੇ ਸਿਰ ਵਿਚੋਂ ਕਾਫੀ ਲਹੂ ਵਗਿਆ ਹੋਇਆ ਸੀ ਅਤੇ ਬੈੱਡ ਦੇ ਕੋਲ ਹੀ ਇੱਟ ਪਈ ਸੀ। ਦੂਜੇ ਕਮਰੇ ਵਿਚ ਰੱਖੀ ਅਲਮਾਰੀ, ਲੋਹੇ ਦੀ ਪੇਟੀ ਅਤੇ ਬਕਸੇ ਵਿਚੋਂ ਸਾਮਾਨ ਬਾਹਰ ਕੱਢ ਕੇ ਖਿਲਾਰਿਆ ਹੋਇਆ ਸੀ। ਪਤੀ-ਪਤਨੀ ਦੋਹਾਂ ਨੂੰ ਗੰਭੀਰ ਹਾਲਤ ਵਿਚ ਮੈਡੀਕਲ ਕਾਲਜ ਮੁਲਾਣਾ ਵਿਚ ਦਾਖਲ ਕਰਾਇਆ ਗਿਆ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਮਲੇ ਦੇ ਦੋਸ਼ ਹੇਠ ਚਾਰ ਕਾਬੂ
ਅੰਬਾਲਾ ਦੀ ਏਡੀਸੀ-ਕਮ-ਸੈਕਟਰੀ ਆਰਟੀਏ ਪ੍ਰੀਤੀ ਅਤੇ ਉਸ ਦੇ ਅਮਲੇ ’ਤੇ ਜਾਨਲੇਵਾ ਹਮਲੇ ਦੇ ਮਾਮਲੇ ਵਿਚ ਸੀਆਈਏ ਸਟਾਫ ਨਰਾਇਣਗੜ੍ਹ ਨੇ ਮੁਲਜ਼ਮ ਅੰਮ੍ਰਿਤਪਾਲ ਉਰਫ਼ ਬੂਟਾ ਸਿੰਘ ਵਾਸੀ ਸੁਭਾਸ਼ ਨਗਰ ਅੰਬਾਲਾ ਸ਼ਹਿਰ ਅਤੇ ਸਚਿਨ ਵਾਸੀ ਗਗਨਹੇੜੀ (ਮੁਲਾਣਾ) ਨੂੰ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾਲਤ ਦੇ ਹੁਕਮਾਂ ਤੇ ਦੋਹਾਂ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਮਨਜ਼ੂਰ ਹੋਇਆ ਹੈ। ਇਸੇ ਮਾਮਲੇ ਵਿਚ ਅੱਜ ਪੁਲੀਸ ਨੇ ਦੋ ਹੋਰ ਮੁਲਜ਼ਮਾਂ ਗੁਰਦੇਵ ਉਰਫ਼ ਰਾਜੂ ਵਾਸੀ ਪਿੰਡ ਗੋਰਸੀਆਂ ਅਤੇ ਦੀਪਕ ਵਾਸੀ ਦੁਰਗਾਨਗਰ ਅੰਬਾਲਾ ਸ਼ਹਿਰ ਨੂੰ ਗ੍ਰਿਫ਼ਤਾਰ ਕੀਤਾ ਹੈ।