ਗੁਰਦੀਪ ਸਿੰਘ ਭੱਟੀ
ਟੋਹਾਣਾ, 2 ਮਾਰਚ
ਆਪਣੀ ਫ਼ਸਲ ਬਚਾਉਣ ਲਈ ਅਧਿਕਾਰੀਆਂ ਕੋਲ ਫਰਿਆਦਾਂ ਕਰਨ ਤੋਂ ਬਾਅਦ ਕਿਸਾਨਾਂ ਨੇ ਮਿਲ ਕੇ ਆਪ ਹੀ ਹੰਭਲਾ ਮਾਰ ਲਿਆ। ਜਾਖ਼ਲ ਬਲਾਕ ਦੇ ਪਿੰਡ ਤਲਵਾੜਾ ਦੀ ਕਰੀਬ 100 ਏਕੜ ਤਿਆਰ ਖੜ੍ਹੀ ਫ਼ਸਲ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਕਿਸਾਨਾਂ ਨੇ ਖੇਤਾਂ ਵਿੱਚ 4 ਫੁੱਟ ਮਿੱਟੀ ਦਾ ਬੰਨ੍ਹ ਬਣਾਉਣ ਲਈ ਕਿਰਾਏ ’ਤੇ ਜੇਸੀਬੀ ਮਸ਼ੀਨ ਲਾ ਕੇ ਕਰੀਬ ਤਿੰਨ ਸੌ ਮੀਟਰ ਲੰਬਾ ਬੰਨ੍ਹ ਬਣਾ ਕੇ ਕਣਕ ਦੀ ਫ਼ਸਲ ਬਚਾਉਣ ਲਈ ਲੱਖਾਂ ਰੁਪਏ ਖਰਚ ਕਰ ਦਿੱਤੇ। ਜਾਖਲ ਬਲਾਕ ਦੇ ਪਿੰਡ ਤਲਵਾੜਾ ਦਾ ਕਰੀਬ 8 ਏਕੜ ਵੱਡਾ ਛੱਪੜ ਕਦੇ ਵੀ ਉੱਛਲ ਕੇ ਕਿਸਾਨਾਂ ਦੀ ਫ਼ਸਲ ਤਬਾਹ ਕਰ ਸਕਦਾ ਸੀ। ਪਿੰਡ ਤਲਵਾੜਾ ਦੇ ਕਿਸਾਨ ਹਰਵਿੰਦਰ ਸਿੰਘ ਦੀ 2 ਏਕੜ, ਜਗਸੀਰ ਸਿੰਘ ਦੀ 3 ਏਕੜ, ਕਰਨੈਲ ਸਿੰਘ ਦੀ 2, ਬਲਬੀਰ ਸਿੰਘ ਦੀ 3 ਏਕੜ ਕਣਕ ਦੀ ਫ਼ਸਲ ਵਿੱਚ ਪਾਣੀ ਭਰ ਜਾਣ ’ਤੇ ਜਦੋਂ ਸਰਕਾਰੀ ਅਧਿਕਾਰੀਆਂ ਨੇ ਸੁਣਵਾਈ ਤੋਂ ਬਾਦ ਵੀ ਅਮਲ ਨਹੀਂ ਕੀਤਾ ਤੇ ਛੱਪੜ ਤੋਂ ਪਾਣੀ ਫੈਲਦਾ ਰਿਹਾ ਤਾਂ ਕਿਸਾਨਾਂ ਨੇ ਖੁਦ ਹੀ ਛੱਪੜ ’ਤੇ ਪਿੰਡ ਦਾ ਨਿਕਾਸੀ ਪਾਣੀ ਜਾਖਲ-ਕੁਲਾਂ ਸੜਕ ਤੇ ਨਾਲ ਇਕ ਕਿਲੋਮੀਟਰ ਦੂਰ ਘੱਗਰ ਵਿੱਚ ਪੈਂਦਾ ਕਰ ਦਿੱਤਾ। ਵਰਤਮਾਨ ਸਮੇਂ ਦੌਰਾਨ ਸੜਕ ’ਤੇ ਨਵੇਂ ਪੈਟਰੋਲ ਪੰਪ ਦਾ ਨਿਰਮਾਣ ਕਰਨ ਵਾਲੇ ਵੱਲੋਂ ਗੰਦੇ ਪਾਣੀ ਦੀ ਘੱਗਰ ਵੱਲ ਹੁੰਦੀ ਨਿਕਾਸੀ ਰੋਕਣ ਕਾਰਨ ਛੱਪੜ ਦਾ ਪਾਣੀ ਤਿਆਰ ਫ਼ਸਲਾ ਵੱਲ ਵੱਧ ਰਿਹਾ ਸੀ ਤੇ 100 ਤੋਂ ਵੱਧ ਏਕੜ ਵਾਲੇ ਕਿਸਾਨਾਂ ਦੀਆਂ ਫ਼ਸਲਾਂ ਖਤਰੇ ਵਿੱਚ ਜਾ ਪੁੱਜੀਆਂ ਸਨ ਕਿਸਾਨਾਂ ਨੇ ਤਲਵਾੜਾ ਪੰਚਾਇਤ ਤੋਂ ਮੰਗ ਕੀਤੀ ਕਿ ਗੰਦੇ ਪਾਣੀ ਦੀ ਘੱਗਰ ਨਿਕਾਸੀ ਪੈਟਰੋਲ ਪੰਪ ਕੋਲੋਂ ਕਢਵਾਈ ਜਾਵੇ।