ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਜੁਲਾਈ
ਖੇਤੀ ਕਾਨੂੰਨਾਂ ਖ਼ਿਲਾਫ਼ ਜੀਂਦ ਦੇ ਖਟਕੜ ਟੌਲ ਪਲਾਜ਼ੇ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂ ਆਜ਼ਾਦ ਪਲਵਾ ਨੇ ਦੱਸਿਆ ਕਿ ਕਿਸਾਨਾਂ ਨੇ 15 ਅਗਸਤ ਨੂੰ ਜੀਂਦ ਵਿੱਚ ਟਰੈਕਟਰ ਮਾਰਚ ਕਰਨ ਦਾ ਫ਼ੈਸਲਾ ਲਿਆ ਹੈ। ਟਰੈਕਟਰ ਮਾਰਚ ਵਿੱਚ ਹਜ਼ਾਰਾਂ ਟਰੈਕਟਰਾਂ ’ਤੇ ਕੌਮੀ ਝੰਡਾ ਅਤੇ ਕਿਸਾਨੀ ਦਾ ਝੰਡਾ ਲਗਾ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਹ ਫ਼ੈਸਲਾ ਖਟਕੜ ਟੌਲ ਪਲਾਜ਼ਾ ’ਤੇ ਅੰਦੋਲਨ ਨੂੰ ਤੇਜ਼ ਕਰਨ ਲਈ ਕੀਤੀ ਮੀਟਿੰਗ ਦੌਰਾਨ ਲਿਆ ਗਿਆ ਹੈ। ਸ੍ਰੀ ਪਲਵਾ ਨੇ ਦੱਸਿਆ ਕਿ ਕਿਸਾਨ ਆਗੂਆਂ ਨੇ ਫ਼ੈਸਲਾ ਲਿਆ ਹੈ ਕਿ 15 ਅਗਸਤ ਨੂੰ ਜੀਂਦ ਵਿੱਚ ਕਿਸੇ ਵੀ ਭਾਜਪਾ ਅਤੇ ਜਜਪਾ ਆਗੂ ਨੂੰ ਕੌਮੀ ਝੰਡਾ ਲਹਿਰਾਉਣ ਨਹੀਂ ਦਿੱਤਾ ਜਾਵੇਗਾ। ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਿਸਾਨ ਆਗੂ ਝੰਡਾ ਲਹਿਰਾ ਸਕਦਾ ਹੈ ਪਰ ਭਾਜਪਾ ਅਤੇ ਜਜਪਾ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ 15 ਅਗਸਤ ਨੂੰ ਕਿਸਾਨ ਸ਼ਾਂਤਮਈ ਅਤੇ ਅਨੁਸ਼ਾਸਨ ਵਿੱਚ ਰਹਿੰਦਿਆਂ ਟਰੈਕਟਰ ਮਾਰਚ ਕਰਨਗੇ। ਜੀਂਦ ਦੇ ਕਿਸਾਨਾਂ ਦੇ ਫ਼ੈਸਲੇ ਦੀ ਹੋਰਨਾਂ ਕਿਸਾਨਾਂ ਨੇ ਵੀ ਸ਼ਲਾਘਾ ਕੀਤੀ। ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ ਵਿੱਚ ਟੌਲ ਪਲਾਜ਼ਿਆਂ, ਕਾਰਪੋਰੇਟ ਘਰਾਣਿਆਂ ਦੇ ਬਾਹਰ ਅਤੇ ਭਾਜਪਾ ਆਗੂਆਂ ਦੇ ਘਰਾਂ/ਦਫ਼ਤਰਾਂ ਮੂਹਰੇ ਧਰਨੇ ਜਾਰੀ ਰਹੇ।
ਕਿਸਾਨ ਜਥੇਬੰਦੀਆਂ ਨੇ ਚਰਖੀ ਦਾਦਰੀ ਵਿੱਚ ਭਾਕਿਯੂ ਦੇ ਆਗੂ ਜਗਬੀਰ ਦੀ ਅਗਵਾਈ ਹੇਠ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਪੁਤਲਾ ਸਾੜਿਆ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਦੇ ਮੰਚ ’ਤੇ ਰਾਜਸੀ ਆਗੂਆਂ ਦੇ ਦਖ਼ਲ ’ਤੇ ਪਾਬੰਦੀ ਲਗਾਈ ਹੈ।