ਪੱਤਰ ਪ੍ਰੇਰਕ
ਪੰਚਕੂਲਾ, 10 ਅਗਸਤ
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਮੀਂਹ ਕਾਰਨ ਜੇਕਰ ਕਿਸੇ ਕਿਸਾਨ ਦੀ ਫ਼ਸਲ ਦਾ ਵੱਧ ਨੁਕਸਾਨ ਹੋਇਆ ਹੈ ਤਾਂ ਉਹ ‘ਮੇਰੀ ਫ਼ਸਲ, ਮੇਰਾ ਬਿਊਰਾ’ ਪੋਰਟਲ ਉੱਤੇ ਫੋਟੋ ਜ਼ਰੂਰ ਪਾਵੇ ਤਾਂਕਿ ਵਿਭਾਗ ਵੱਲੋਂ ਜਾਂਚ ਕਰ ਕੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 160 ਤੋਂ ਵੱਧ ਕਿਸਾਨਾਂ ਨੇ ਫ਼ਸਲੀ ਨੁਕਸਾਨ ਦਾ ਬਿਉਰਾ ਦਿੱਤਾ ਹੈ। ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਤੋਸ਼ਾਮ ਵਿਧਾਨ ਸਭਾ ਹਲਕੇ ਦੇ ‘ਪ੍ਰਧਾਨ ਮੰਤਰੀ ਫ਼ਸਲ ਬੀਮਾ’ ਯੋਜਨਾ ਤਹਿਤ ਰਜਿਸਟਰੇਸ਼ਨ ਨਾ ਕਰਵਾਉਣ ਵਾਲੇ ਕਿਸਾਨਾਂ ਨੂੰ ਨੁਕਸਾਨੀ ਗਈ ਕਪਾਹ ਦੀ ਫ਼ਸਲ ਸਬੰਧੀ ਮੁਆਵਜ਼ਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਮੀਰਾਣ, ਢਾਣੀ ਮਿਰਾਣ, ਮਢਾਣ, ਦੇਵਾਵਾਸ, ਜੈਨਾਵਾਸ, ਬੁਸਾਨ, ਸਾਹਲੇਵਾਲਾ, ਆਲਮਪੁਰ, ਛਪਾਰ, ਜੋਗਿਆਲ, ਛਪਾਰ ਰਾਂਗਡਾਨ, ਪਿਜੋਖਰਾ, ਡਾਡਾਮ, ਬਿਡੋਲਾ, ਢਾਣੀ ਮਾਹੂ, ਨਿਗਾਲਾ ਕਲਾਂ, ਝੁੱਲੀ, ਖਰਕੜੀ ਸੋਹਨ ਅਤੇ ਤੋਸ਼ਾਮ ਕਸਬਾ ਦੇ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਕੁੱਲ 11.81 ਕਰੋੜ ਵਿੱਚੋਂ 4.1 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ।