ਪੱਤਰ ਪ੍ਰੇਰਕ
ਏਲਨਾਬਾਦ, 3 ਮਾਰਚ
ਇੱਥੋਂ ਦੀ ਅਨਾਜ ਮੰਡੀ ਦਾ ਇਕੱਠ ਸਰਕਾਰ ਦੇ ਨੁਮਾਇੰਦਿਆਂ ਤੱਕ ਆਪਣੀ ਆਵਾਜ਼ ਪਹੁੰਚਾ ਕੇ ਉਨ੍ਹਾਂ ਦੀ ਜ਼ਮੀਰ ਨੂੰ ਠੌਕਰ ਮਾਰੇਗਾ ਤੇ ਜੇ ਅਜੇ ਵੀ ਸਰਕਾਰ ਦਾ ਪੱਖ ਪੂਰ ਰਹੇ ਨੇਤਾ ਨਹੀਂ ਜਾਗਦੇ ਤਾਂ ਸਮਝੋ ਉਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ। ਇਹ ਸ਼ਬਦ ਅੱਜ ਇਥੇ ਅਨਾਜ ਮੰਡੀ ’ਚ ਕੀਤੇ ਕਿਸਾਨ ਸਨਮਾਨ ਸਮਾਰੋਹ ਮੌਕੇ ਏਲਨਾਬਾਦ ਦੇ ਸਾਬਕਾ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਆਖੇ। ਸਮਾਰੋਹ ਅਭੈ ਸਿੰਘ ਚੌਟਾਲਾ ਵੱਲੋਂ ਕਿਸਾਨਾਂ ਦੇ ਹੱਕ ’ਚ ਅਸਤੀਫਾ ਦੇਣ ਮਗਰੋਂ ਕਿਸਾਨਾਂ ਵੱਲੋਂ ਉਨ੍ਹਾਂ ਦੇ ਸਨਮਾਨ ’ਚ ਕੀਤਾ ਗਿਆ ਸੀ। ਚੌਟਾਲਾ ਨੇ ਆਖਿਆ ਕਿ ਜਦੋਂ ਕਰੋਨਾ ਵਰਗੀ ਬਿਮਾਰੀ ਨਾਲ ਦੇਸ਼ ਲੜ ਰਿਹਾ ਸੀ ਤਾਂ ਕਾਰਪੋਰੇਟ ਘਰਾਨਿਆਂ ਨੂੰ ਲਾਭ ਪਹੁੰਚਾਉਣ ਤੇ ਕਿਸਾਨ, ਮਜ਼ਦੂਰ, ਦੁਕਾਨਦਾਰਾਂ ਤੇ ਆੜ੍ਹਤੀਆਂ ਦੇ ਧੰਦੇ ਖਤਮ ਕਰਨ ਲਈ ਕੇਂਦਰ ਸਰਕਾਰ ਵੱਲੋਂ ਚੋਰ ਮੋਰੀ ਰਾਹੀਂ ਕਾਲੇ ਕਾਨੂੰਨ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਨੂੰ ਥਾਲੀਆਂ ਵਜਾਉਣ ਦੀ ਨਸੀਹਤ ਦੇ ਰਿਹਾ ਸੀ ਜਦੋਂਕਿ ਅਜਿਹੇ ਸਮੇਂ ਦੇਸ਼ ਦੀ ਆਰਥਿਕ ਸਥਿਤੀ ਬਾਰੇ ਸੋਚਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਮਜ਼ਦੂਰ ਬਾਰੇ ਨਹੀਂ ਸੋਚਿਆ ਤੇ ਨਾ ਹੀ ਉਨ੍ਹਾਂ ਨੂੰ ਸੁਰੱਖਿਅਤ ਘਰਾਂ ਤੱਕ ਪਹੁੰਚਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਿਸ ਕਾਰਨ ਮਜ਼ਦੂਰਾਂ ਨੂੰ ਹਜ਼ਾਰਾਂ ਮੀਲ ਦੀ ਦੂਰੀ ਪੈਦਲ ਕਰਕੇ ਆਪਣੇ ਘਰਾਂ ਤੱਕ ਪਹੁੰਚਣਾ ਪਿਆ।
ਚੌਟਾਲਾ ਨੇ ਕਿਹਾ ਕਿ ਕੇਦਰ ਤੇ ਹਰਿਆਣਾ ਸਰਕਾਰ ਵੱਲੋਂ ਕਰੋਨਾ ਕਾਲ ਦੀ ਆੜ ਵਿੱਚ ਹੀ 9 ਵੱਡੇ ਘੁਟਾਲੇ ਕੀਤੇ ਗਏ। ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਿੱਧੀ ਪੇਮੈਂਟ ਕਰਨ ਲਈ ਕੇਦਰ ਵੱਲੋਂ 17 ਹਜ਼ਾਰ ਕਰੋੜ ਦੀ ਰਕਮ ਵਿੱਚੋਂ ਹਰਿਆਣਾ ਸਰਕਾਰ ਨੇ 800 ਕਰੋੜ ਦੀ ਰਕਮ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਆਪਣੀ ਜੇਬ ’ਚ ਪਾ ਲਈ ਤੇ ਕਿਸਾਨ ਬੈਂਕਾਂ ਦੇ ਚੱਕਰ ਕੱਟਦੇ ਰਹੇ। ਅਭੈ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਦੀਆ ਰਗਾਂ ਵਿੱਚ ਚੌਧਰੀ ਦੇਵੀ ਲਾਲ ਦਾ ਖੂਨ ਹੈ ਜਿਸਨੇ ਵੱਡੇ-ਵੱਡੇ ਅਹੁਦਿਆਂ ਨੂੰ ਠੌਕਰ ਮਾਰੀ ਸੀ। ਉਨ੍ਹਾਂ ਇੱਕਠੇ ਹੋਏ ਲੋਕਾਂ ਨੂੰ ਇਸ ਕਿਸਾਨ ਅੰਦੋਲਨ ਦਾ ਹਿੱਸਾ ਬਣ ਕੇ ਦਿੱਲੀ ਬਾਰਡਰਾਂ ’ਤੇ ਪਹੁੰਚਣ ਦੀ ਅਪੀਲ ਕੀਤੀ। ਚੌਟਾਲਾ ਨੇ ਆਖਿਆ ਕਿ ਉਹ ਆਪਣੀ ਕਣਕ ਦੀ ਕਟਾਈ ਦਾ ਫਿਰਕ ਨਾ ਕਰਨ। ਕਿਸਾਨਾਂ ਦੀ ਕਣਕ ਉਹ ਕੰਬਾਈਨਾਂ ਨਾਲ ਕਟਵਾ ਕੇ ਖੁਦ ਮੰਡੀਆਂ ਤੱਕ ਪਹੁੰਚਾਉਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ-ਜਜਪਾ ਨੇਤਾਵਾਂ ਦਾ ਪਿੰਡਾਂ ’ਚ ਆਉਣ ’ਤੇ ਡਟਵਾਂ ਵਿਰੋਧ ਕਰਨ।