ਮਹਾਵੀਰ ਮਿੱਤਲ
ਜੀਂਦ, 10 ਦਸੰਬਰ
ਖੇਤੀ ਦੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਬਾਕੀ ਮੰਗਾਂ ਸਬੰਧੀ ਦਿੱਲੀ ਦੇ ਬਾਰਡਰਾਂ ਉੱਤੇ ਧਰਨੇ ਨੂੰ ਸੰਯੁਕਤ ਕਿਸਾਨ ਮੋਰਚੇ ਦੁਆਰਾ ਸਮਾਪਤ ਕਰਨ ਉਪਰੰਤ ਵਾਪਸ ਪਰਤ ਰਹੇ ਕਿਸਾਨਾਂ ਦਾ ਇੱਥੇ ਹਾਈਵੇਅ ਉੱਤੇ ਦਿੱਤੇ ਜਾ ਰਹੇ ਧਰਨੇ ਵਿੱਚ ਫੁੱਲਾਂ ਦੀ ਵਰਖਾ ਕਰਕੇ ਅਤੇ ਡੀਜੇ ਉੱਤੇ ਕਿਸਾਨਾਂ ਦੇ ਗੀਤ ਵਜਾ ਕੇ ਨਿੱਘਾ ਸਵਾਗਤ ਕੀਤਾ ਗਿਆ। ਕਿਸਾਨ ਆਗੂ ਵਰਿੰਦਰ ਸੰਦਲਾਨਾ, ਦਲਬੀਰ ਸਿਓਕੰਦ, ਗਜੇ ਸਿੰਘ ਅਤੇ ਰਾਮਦੱਤ ਸ਼ਰਮਾ ਨੇ ਦੱਸਿਆ ਕਿ 11 ਦਸੰਬਰ ਤੱਕ ਉਹ ਦਿੱਲੀ ਤੋਂ ਪੰਜਾਬ ਅਤੇ ਹਰਿਆਣਾ ਵੱਲ ਵਾਪਸ ਆਉਣ ਵਾਲੇ ਕਿਸਾਨਾਂ ਦਾ ਲੰਗਰ ਉੱਤੇ ਰੋਕ ਕੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕਰਨਗੇ। ਉਨ੍ਹਾਂ ਨੇ ਦੱਸਿਆ ਕਿ 11 ਦਸੰਬਰ ਨੂੰ ਲੰਗਰ ਉੱਤੇ ਭੰਡਾਰੇ ਵਿੱਚ ਹਲਵਾ, ਪੂਰੀ ਦੇ ਨਾਲ ਖੀਰ ਅਤੇ ਜਲੇਬੀਆਂ ਬਣਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਉਚਾਨਾ ਦੀ ਅਨਾਜ ਮੰਡੀ ਦੇ ਆੜ੍ਹਤੀਆਂ ਵੱਲੋਂ ਇਹ ਭੰਡਾਰਾ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਚਲਦਾ ਸੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਮਗਰੋਂ ਇਹ ਕਿਸਾਨ ਅੰਦੋਲਨ ਜਨ ਅੰਦੋਲਨ ਬਣਿਆ ਹੈ, ਜਿਸਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕੇਗਾ। ਇਸ ਮੌਕੇ ਉੱਤੇ ਸੁਰੇਸ਼ ਖਰਕਭੂਰਾ, ਸਤੀਸ਼ ਸਿਓਕੰਦ, ਲਾਭ ਸਿੰਘ ਕਾਬਰਛਾ, ਜਸਮੇਰ ਬੜੌਦੀ, ਮੁਕੇਸ਼ ਗੋਇਲ, ਰਮੇਸ਼ ਨੰਬਰਦਾਰ, ਜਤਿੰਦਰ ਸਿਓਕੰਦ, ਸੁਰੇਸ਼ ਸੁਰਬਰਾ ਅਤੇ ਜੋਗਿੰਦਰ ਉਚਾਨਾ ਆਦਿ ਨੇ ਸੰਬੋਧਨ ਕੀਤਾ।
ਖੰਡ ਮਿੱਲ ਅੱਗੇ ਲੱਗੇ ਧਰਨੇ ’ਚ ਜਿੱਤ ਦਾ ਜਸ਼ਨ ਮਨਾਇਆ
ਮੋਦੀ ਸਰਕਾਰ ਅਤੇ ਸੰਯੁਕਤ ਕਿਸਾਨ ਮੋਰਚੇ ਵਿਚਕਾਰ ਕਿਸਾਨਾਂ ਦੀਆਂ ਮੰਗਾਂ ਸਬੰਧੀ ਹੋਏ ਸਮਝੌਤੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਕਿਸਾਨ ਅੰਦੋਲਨ ਸਮਾਪਤ ਕਰਨ ਦਾ ਫ਼ੈਸਲਾ ਲਿਆ, ਜਿਸਦੀ ਖੁਸ਼ੀ ਵਿੱਚ ਜੀਂਦ ਦੇ ਕੌਮੀ ਹਾਈਵੇਅ ਉੱਤੇ ਜੀਂਦ ਸਹਿਕਾਰੀ ਖੰਡ ਮਿੱਲ ਦੇ ਅੱਗੇ ਪਿਛਲੇ ਸਾਲ ਤੋਂ ਲਗਾਏ ਆ ਰਹੇ ਕਿਸਾਨਾਂ ਦੇ ਲੰਗਰ ਵਿੱਚ ਜਿੱਤ ਦਾ ਜਸ਼ਨ ਮਨਾਇਆ ਗਿਆ। ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਹੋਏ ਸਮਝੌਤੇ ਨੂੰ ਅਖਿਲ ਭਾਰਤੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਫੂਲ ਸਿੰਘ ਸਿਉਕੰਦ ਨੇ ਇਤਿਹਾਸਕ ਦੱਸਿਆ, ਉੱਥੇ ਭਾਕਿਯੂ ਦੇ ਜ਼ਿਲ੍ਹਾ ਪ੍ਰੈੱਸ ਬੁਲਾਰੇ ਰਾਮਰਾਜੀ ਢੁੱਲ ਨੇ ਵੀ ਇਸ ਸਮਝੌਤੇ ਨੂੰ ਇਤਿਹਾਸਕ ਦੱਸਦੇ ਹੋਏ ਕਿਹਾ ਕਿ ਇਹ ਕਿਸਾਨਾਂ ਅਤੇ ਉਨ੍ਹਾਂ ਦੇ ਸ਼ਾਂਤੀਪੂਰਨ ਅੰਦੋਲਨ ਦੀ ਬਹੁਤ ਵੱਡੀ ਜਿੱਤ ਹੈ। ਜੀਂਦ ਸਹਿਕਾਰੀ ਖੰਡ ਮਿੱਲ ਦੇ ਸਾਹਮਣੇ ਜੀਂਦ-ਸੰਗਰੂਰ ਕੌਮੀ ਹਾਈਵੇਅ ਉੱਤੇ ਪਿਛਲੇ ਸਾਲ ਤੋਂ ਕਿਸਾਨ ਲੰਗਰ ਚੱਲ ਰਿਹਾ ਸੀ। ਇਸ ਲੰਗਰ ਵਿੱਚ ਇੱਕ ਲੱਖ ਤੋਂ ਵੱਧ ਲੋਕੀਂ ਭੋਜਨ ਕਰ ਚੁੱਕੇ ਹਨ। ਇਹ ਕਿਸਾਨ ਲੰਗਰ ਸੰਯੁਕਤ ਕਿਸਾਨ ਮੋਰਚਾ, ਅਖਿਲ ਭਾਰਤੀ ਕਿਸਾਨ ਸਭਾ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਕਿਸਾਨ ਅੰਦੋਲਨ ਸਮਾਪਤ ਕਰਨ ਦਾ ਐਲਾਨ ਹੋਣ ਮਗਰੋਂ ਇੱਥੇ ਕਿਸਾਨਾਂ ਨੇ ਲੰਗਰ ਵਿੱਚ ਸਭ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਰੱਖ ਕੇ ਹੈਲੀਕਾਪਟਰ ਹਾਦਸੇ ਵਿੱਚ ਸਵਰਗਵਾਸ ਹੋਣ ਵਾਲੇ ਦੇਸ਼ ਦੇ ਸੀਡੀਐੱਸ ਜਨਰਲ ਵਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਅਤੇ ਹੋਰ ਸੈਨਿਕ ਅਧਿਕਾਰੀਆਂ ਲਈ ਸ਼ੋਕ ਪ੍ਰਗਟ ਕੀਤਾ। ਰਾਮਰਾਜੀ ਢੁੱਲ ਨੇ ਦੱਸਿਆ ਕਿ ਇਹ ਕਿਸਾਨਾਂ ਦੀ ਇਤਿਹਾਸਕ ਜਿੱਤ ਹੈ। ਇਸ ਜਿੱਤ ਨੂੰ ਹਾਸਲ ਕਰਨ ਲਈ ਕਿਸਾਨਾਂ ਨੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੱਕ ਤਪਦੀ ਗਰਮੀ, ਹੱਡ ਚੀਰਵੀਂ ਠੰਢ ਅਤੇ ਮੌਨਸੂਨ ਦੀ ਵਰਖਾ ਵਿੱਚ ਮੁਕਾਬਲਾ ਕਰਦੇ ਹੋਏ ਅੰਦੋਲਨ ਕੀਤਾ। ਇਸ ਲੜਾਈ ਵਿੱਚ ਲਗਭਗ 600 ਤੋਂ ਵੱਧ ਕਿਸਾਨਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪਏ ਅਤੇ ਅੰਤ ਵਿੱਚ ਗਾਂਧੀਵਾਦੀ ਅੰਦੋਲਨ ਦੀ ਜਿੱਤ ਹੋਈ। ਇਸ ਜਿੱਤ ਵਿੱਚ ਕਿਸਾਨ, ਮਜ਼ਦੂਰ, ਆੜ੍ਹਤੀ, ਕਰਮਚਾਰੀਆਂ ਅਤੇ ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਸੰਯੁਕਤ ਕਿਸਾਨ ਮੋਰਚੇ ਨੂੰ ਮਿਲਿਆ।