ਪਰਮਜੀਤ ਸਿੰਘ
ਫਾਜ਼ਿਲਕਾ, 9 ਅਕਤੂਬਰ
ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਚੱਕ ਪੰਜ ਕੋਹੀ (ਕੱਚਾ ਕਾਲੇ ਵਾਲਾ) ਵਿਖੇ ਪਾਣੀਆਂ ਦੇ ਗਹਿਰੇ ਹੋ ਰਹੇ ਸੰਕਟ ਸਬੰਧੀ ਇਲਾਕੇ ਦੀ ਵੱਡੀ ਕਾਨਫਰੰਸ ਕੀਤੀ ਗਈ ਅਤੇ ਇਸ ਖ਼ਿਲਾਫ਼ ਸੰਘਰਸ਼ ਕਰਨ ਲਈ ਇਲਾਕੇ ਵਿੱਚ ਵੱਡੀ ਲਹਿਰ ਉਸਾਰਨ ਦਾ ਅਹਿਦ ਲਿਆ ਗਿਆ। ਇਸ ਮੌਕੇ ਮਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਪਾਣੀ ਦਾ ਸੰਕਟ ਬਹੁਤ ਗਹਿਰਾ ਹੋ ਚੁੱਕਿਆ ਹੈ। ਪੰਜਾਬ ਦੀ ਧਰਤੀ ਤੇ ਪੰਦਰਾਂ ਲੱਖ ਦੇ ਕਰੀਬ ਟਿਊਬਵੈੱਲ ਚੱਲ ਰਹੇ ਹਨ, ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੋ ਰਿਹਾ ਹੈ। ਮਾਹਰਾਂ ਮੁਤਾਬਕ ਧਰਤੀ ਹੇਠਲਾ 86 ਫ਼ੀਸਦੀ ਪਾਣੀ ਹੁਣ ਤੱਕ ਖਤਮ ਹੋ ਚੁੱਕਾ ਹੈ। ਆਉਣ ਵਾਲੇ 15 ਸਾਲਾਂ ਤੱਕ ਪੰਜਾਬ ਦੀ ਧਰਤੀ ਹੇਠੋਂ ਇੱਕ ਤਿੱਪ ਵੀ ਪਾਣੀ ਦੀ ਨਹੀਂ ਕੱਢੀ ਜਾ ਸਕੇਗੀ ਜਿਸ ਨਾਲ ਪੰਜਾਬ ਇੱਕ ਜ਼ਹਿਰੀਲਾ ਰੇਗਿਸਤਾਨ ਬਣ ਜਾਵੇਗਾ। ਹੁਣ ਤੱਕ ਜਿੰਨੀਆਂ ਵੀ ਸਭਿਅਤਾਵਾਂ ਹੋਂਦ ਵਿਚ ਆਈਆਂ ਹਨ। ਉਹ ਦਰਿਆਵਾਂ ਦੇ ਕੰਡਿਆਂ ’ਤੇ ਜਾਂ ਜਿੱਥੇ ਪਾਣੀ ਦੇ ਅਥਾਹ ਸੋਮੇ ਹਨ ਓਥੇ ਹੀ ਹੋਂਦ ਵਿੱਚ ਆਈਆਂ ਹਨ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਡਾ. ਸੁਖਚੈਨ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦਾ ਦਰਿਆਈ ਪਾਣੀ ਦੂਜੇ ਸੂਬਿਆਂ ਨੂੰ ਮੁਫ਼ਤ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮਨਦੀਪ ਸਿੰਘ ਚੱਕ ਸੈਦੋਕੇ ਨੇ ਨਿਭਾਈ ਅਤੇ ਆਏ ਹੋਏ ਲੋਕਾਂ ਦਾ ਪ੍ਰਚਾਰ ਸਕੱਤਰ ਨਗਿੰਦਰ ਸਿੰਘ ਨੇ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਜਗਦੀਸ਼ ਰਾਏ ਮੀਤ ਪ੍ਰਧਾਨ ਬਲਵਿੰਦਰ ਸਿੰਘ, ਅੰਗਰੇਜ ਸਿੰਘ ਮਲਕੀਤ ਸਿੰਘ, ਅਮਨਦੀਪ ਸਿੰਘ, ਹਸ਼ਮਤ ਰਾਏ ਤਲਸੀ ਰਾਮ ਮੁਖਤਿਆਰ ਸਿੰਘ ਹਰੀਸ਼ਚੰਦਰ ਆਦਿ ਹਾਜ਼ਰ ਸਨ।