ਕੇ.ਕੇ ਬਾਂਸਲ
ਰਤੀਆ, 7 ਜੂਨ
ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ’ਤੇ ਖੇਤੀ ਮੋਟਰਾਂ ਲਈ 8 ਘੰਟੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਵੱਲੋਂ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ ਗਿਆ। ਅੱਜ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨਿਰਭੈ ਸਿੰਘ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਅਤੇ ਜਜਪਾ ਸਰਕਾਰ ਕਿਸਾਨ ਵਿਰੋਧੀ ਹੈ, ਇਹ ਸਮੇਂ ਸਮੇਂ ’ਤੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਕੇ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਪੂੰਜੀਪਤੀਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਬਿਜਲੀ ਦੇ ਰਹੀ ਹੈ ਤੇ ਦੂਸਰੇ ਪਾਸੇ ਕਿਸਾਨਾਂ ਦੀਆਂ ਖੇਤੀ ਮੋਟਰਾਂ ਲਈ ਮਿਲਣ ਵਾਲੀ ਬਿਜਲੀ ਨੂੰ 8 ਘੰਟੇ ਦੀ ਜਗ੍ਹਾ ਸਿਰਫ 5 ਘੰਟੇ ਹੀ ਦਿੱਤਾ ਜਾ ਰਿਹਾ ਹੈ, ਜੋ ਕਿਸਾਨਾਂ ਨਾਲ ਧੱਖੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਰਤੀਆ ਸ਼ਹਿਰ ਅਤੇ ਬਲਾਕ ਦੇ ਸਾਰੇ ਪਿੰਡਾਂ ਵਿਚ ਜਾ ਕੇ ਜਨ ਸਭਾਵਾਂ ਕੀਤੀਆਂ ਜਾਣਗੀਆਂ। ਜੇਕਰ ਆਉਣ ਵਾਲੀ 10 ਜੂਨ ਤੱਕ ਖੇਤਾਂ ਲਈ 8 ਘੰਟੇ ਬਿਜਲੀ ਨਹੀਂ ਮਿਲੀ ਤਾਂ ਰਤੀਆ ਬਿਜਲੀ ਘਰ ਦੇ ਗੇਟ ਅੱਗੇ ਪੱਕਾ ਮੋਰਚਾ ਲਗਾ ਕੇ ਭਾਜਪਾ-ਜਜਪਾ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਾਰੇ ਕੌਂਸਲਰਾਂ ਅਤੇ ਚੇਅਰਮੈਨ ਅਹੁਦੇ ’ਤੇ ਚੋਣ ਲੜਨ ਵਾਲੇ ਉਮੀਦਾਰਾਂ ਨੂੰ ਘੇਰ ਕੇ ਸਵਾਲ ਜਵਾਬ ਕੀਤੇ ਜਾਣਗੇ। ਇਸ ਮੌਕੇ ਅਮਨ ਰਤੀਆ, ਗੁਰਲਾਲ ਸਿੰਘ, ਨਵਜੀਤ ਸਿੰਘ, ਸਰਵਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਵਿੰਦਰ ਸਿੰਘ, ਗੁਰਜੀਵਨ ਸਿੰਘ, ਹਰਦੀਪ ਸਿੰਘ, ਗੋਰਾ ਸਿੰਘ, ਜਸਬੀਰ ਸਿੰਘ ਸੈਣੀ, ਮਨਜੀਤ ਸਿੰਘ, ਸੁਖਵਿੰਦਰ ਸਿੰਘ, ਕਾਲਾ ਸਿੰਘ ਤੇ ਲਾਡੀ ਸਿੰਘ ਆਦਿ ਹਾਜ਼ਰ ਸਨ।