ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 16 ਅਪਰੈਲ
ਇਥੇ ਸੈਕਟਰ-8 ਦੇ ਅੰਬੇਦਕਰ ਭਵਨ ਵਿੱਚ ਭਾਜਪਾ ਦੇ ਸਿਖਲਾਈ ਕੈਂਪ ਵਿੱਚ ਪਹੁੰਚੇ ਪਾਰਟੀ ਦੇ ਸੂਬਾਈ ਪ੍ਰਧਾਨ ਓ.ਪੀ. ਧਨਖੜ ਦਾ ਵਿਰੋਧ ਕਰ ਰਹੇ ਕੁਝ ਕਿਸਾਨਾਂ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲੀਸ ਮੁਲਾਜ਼ਮਾਂ ਨੇ ਅੰਬੇਦਕਰ ਭਵਨ ਦੇ ਬਾਹਰ ਬੈਠੇ ਕਿਸਾਨਾਂ ਨੂੰ ਜਬਰੀ ਹਟਾਉਣ ਦਾ ਯਤਨ ਵੀ ਕੀਤਾ। ਨਾਰਾਜ਼ ਕਿਸਾਨਾਂ ਨੇ ਭਾਜਪਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਬੀਕੇਯੂ ਆਗੂਆਂ ਦੀ ਡੀਐੱਸਪੀ ਨਾਲ ਤਿੱਖੀ ਝੜਪ ਵੀ ਹੋਈ। ਜਾਣਕਾਰੀ ਅਨੁਸਾਰ ਸ਼ਾਹਬਾਦ ਵਿਧਾਨ ਸਭਾ ਦੇ ਮੰਡਲ ਵਰਕਰਾਂ ਲਈ ਅੱਜ ਤੋਂ ਸੈਕਟਰ-8 ਦੇ ਅੰਬੇਦਕਰ ਭਵਨ ਵਿੱਚ ਦੋ ਰੋਜ਼ਾ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ ਸੀ। ਭਾਜਪਾ ਦੇ ਸੂਬਾਈ ਪ੍ਰਧਾਨ ਓਮ ਪ੍ਰਕਾਸ਼ ਧਨਖੜ ਵਰਕਰਾਂ ਨੂੰ ਸੰਬੋਧਨ ਕਰਨ ਲਈ ਕੈਂਪ ਵਿੱਚ ਪਹੁੰਚੇ ਸਨ। ਸ੍ਰੀ ਧਨਖੜ ਵੱਲੋਂ ਮਗਰੋਂ ਭਵਨ ਵਿੱਚ ਹੀ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ। ਕਿਸਾਨਾਂ ਨੂੰ ਧਨਖੜ ਦੀ ਆਮਦ ਦੀ ਭਿਣਕ ਲੱਗਦਿਆਂ ਹੀ ਉਹ ਅੰਬੇਦਕਰ ਭਵਨ ਪਹੁੰਚੇ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਡੀਐੱਸਪੀ ਰਵਿੰਦਰ ਤੋਮਰ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਵੀ ਮੌਜੂਦ ਸੀ। ਜਦੋਂ ਕਿਸਾਨ ਅੰਬੇਦਕਰ ਭਵਨ ਪਹੁੰਚੇ, ਤਾਂ ਪੁਲੀਸ ਨੇ ਭਵਨ ਦਾ ਗੇਟ ਬੰਦ ਕਰ ਦਿੱਤਾ। ਇਸ ਤੋਂ ਬਾਅਦ ਅੰਦਰ ਭਾਜਪਾ ਪ੍ਰਧਾਨ ਦੀ ਪ੍ਰੈੱਸ ਕਾਨਫਰੰਸ ਕਰਵਾਈ ਗਈ, ਜੋ ਇਕ ਘੰਟੇ ਦੇ ਕਰੀਬ ਚੱਲੀ। ਪੁਲੀਸ ਨੇ ਮਗਰੋਂ ਅੰਬੇਦਕਰ ਭਵਨ ਦੇ ਗੇਟ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਕੁਝ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬੱਸਾਂ ਵਿੱਚ ਬਿਠਾ ਕੇ ਲੈ ਗਏ। ਇਸ ਦੌਰਾਨ ਭਾਜਪਾ ਦੇ ਸੂਬਾਈ ਪ੍ਰਧਾਨ ਨੂੰ ਭਾਰੀ ਸੁਰੱਖਿਆ ਪ੍ਰਬੰਧ ਨਾਲ ਕਾਰ ਵਿੱਚ ਬਿਠਾ ਕੇ ਇਮਾਰਤ ਤੋਂ ਬਾਹਰ ਕੱਢਿਆ ਗਿਆ। ਗੇਟ ਤੋਂ ਥੋੜੀ ਦੂਰੀ ’ਤੇ ਮੌਜੂਦ ਕੁਝ ਕਿਸਾਨਾਂ ਨੇ ਧਨਖੜ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਬੀਕੇਯੂ ਦੇ ਬੁਲਾਰੇ ਰਾਕੇਸ਼ ਬੈਂਸ ਅਤੇ ਬੀਕੇਯੂ ਆਗੂ ਜਸਬੀਰ ਸਿੰਘ ਮਾਮੂਮਾਜਰਾ ਦੀ ਡੀਐੱਸਪੀ ਰਵਿੰਦਰ ਤੋਮਰ ਨਾਲ ਪੰਜ ਮਿੰਟ ਤੱਕ ਤਿੱਖੀ ਝੜਪ ਹੋਈ। ਇਸ ਤੋਂ ਬਾਅਦ ਡੀਐਸਪੀ ਦੇ ਆਦੇਸ਼ਾਂ ’ਤੇ ਸਾਰੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਪੁਲੀਸ ਬੱਸਾਂ ਰਾਹੀਂ ਲਿਜਾਇਆ ਗਿਆ।
ਕਿਸਾਨਾਂ ਨਾਲ ਗੱਲਬਾਤ ਲਈ ਸਰਕਾਰ ਦੇ ਦਰਵਾਜ਼ੇ ਹਰ ਸਮੇਂ ਖੁੱਲ੍ਹੇ: ਧਨਖੜ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓ.ਪੀ.ਧਨਖੜ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਲਈ ਸਰਕਾਰ ਦੇ ਦਰਵਾਜ਼ੇ ਹਰ ਸਮੇਂ ਖੁੱਲ੍ਹੇ ਹਨ। ਕਿਸਾਨ ਜਦੋਂ ਚਾਹੁਣ ਆ ਕੇ ਗੱਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਸਵੈ-ਇੱਛੁਕ ਹਨ ਜਿਸ ਨੂੰ ਕਿਸਾਨ ਆਪਣੀ ਮਰਜ਼ੀ ਨਾਲ ਲੈ ਸਕਦਾ ਹੈ।