ਦੇਵਿੰਦਰ ਸਿੰਘ
ਯਮੁਨਾਨਗਰ, 26 ਮਈ
ਇਥੇ ਟੌਲ ਪਲਾਜ਼ਾ ਗਧੌਲਾ ’ਤੇ ਕਿਸਾਨਾਂ ਨੇ ਕਾਲਾ ਦਿਵਸ ਮਨਾਇਆ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ। ਇਸ ਮੌਕੇ ਮਹਿਲਾ ਕਿਸਾਨ ਆਗੂ ਰੁਪਿੰਦਰ ਕੌਰ, ਰੀਟਾ ਚਹਿਲ ਅਤੇ ਸੁਖਬੀਰ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਦਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਖੋਖਲਾ ਸਾਬਤ ਹੋ ਰਿਹਾ ਹੈ, ਕਿਉਂਕਿ ਦੇਸ਼ ਦੀਆਂ ਬੇਟੀਆਂ ਨੂੰ ਆਪਣੇ ਪਰਿਵਾਰਾਂ ਦੀ ਖਾਤਰ ਸੜਕਾਂ ’ਤੇ ਬੈਠਣਾ ਪੈ ਰਿਹਾ ਹੈ। ਇਨ੍ਹਾਂ ਮੁਜ਼ਾਹਰਿਆਂ ਵਿੱਚ ਚਰਖੀ ਦਾਦਰੀ ਤੋਂ ਆਜ਼ਾਦ ਉਮੀਦਵਾਰ ਰਹੇ ਵਿਧਾਇਕ ਸੋਮਬੀਰ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਖੇਤੀ ਕਾਨੂੰਨ ਵਾਪਸ ਲਵੇ ਤਾਂ ਕਿ ਕਿਸਾਨ ਆਪੋ ਆਪਣੇ ਘਰਾਂ ਨੂੰ ਜਾਣ। ਭਾਰਤੀ ਕਿਸਾਨ ਯੁੂਨੀਅਨ ਦੇ ਨੇਤਾ ਮਨਦੀਪ ਰੋਡ ਛੱਪਰ ਨੇ ਕਿਹਾ ਕਿ ਅੱਜ 6 ਮਹੀਨੇ ਹੋ ਗਏ ਹਨ, ਕਿਸਾਨ ਸੜਕਾਂ ’ਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ, ਪਰ ਸਕਰਾਰ ਦਾ ਅੜੀਅਲ ਰਵੱਈਆ ਬਾ-ਦਸਤੂਰ ਜਾਰੀ ਹੈ । ਕਿਸਾਨ ਨੇਤਾ ਸਤਪਾਲ ਕੌਸ਼ਿਕ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਸ ਸਮੇਂ ਤੱਕ ਅੰਦੋਲਨ ਜਾਰੀ ਰਹੇਗਾ।
ਟੋਹਾਣਾ (ਪੱਤਰ ਪ੍ਰੇਰਕ): ਕਿਸਾਨ ਅੰਦੋਲਨ ਦੇ 6 ਮਹੀਨੇ ਪੁੂਰੇ ਹੋਣ ’ਤੇ ਕਾਲੇ ਝੰਡੇ ਲੈ ਕੇ ਨੌਜਵਾਨਾਂ ਨੇ ਟੋਹਾਣਾ, ਫਤਿਹਾਬਾਦ, ਭੱਠੂ, ਜਾਖਲ, ਰਤੀਆ ਤੇ ਭੁਨਾ ਵਿੱਚ ਰੋਸ ਮਾਰਚ ਕਰਕੇ ਭਾਜਪਾ ਦੇ ਪੁਤਲੇ ਸਾੜ ਤੇ ਅਹਿਦ ਲਿਆ ਕਿ ਸਰਕਾਰ ਦਾ ਅੜੀਅਲ ਵਤੀਰਾ ਤੋੜਨ ਤੱਕ ਕਿਸਾਨ ਮਜ਼ਦੂਰ ਅੰਦੋਲਨ ਜਾਰੀ ਰਖੱਣਗੇ। ਟੋਹਾਣਾ ਵਿੱਚ ਮੰਡੀ ਪ੍ਰਧਾਨ ਰਘੁਵੀਰ ਸਿੰਘ ਨੇ, ਜਾਖਲ ਵਿੱਚ ਜੱਗੀ ਮਹਿਲ, ਸਮੈਣ ਵਿੱਚ ਜੋਗਿੰਦਰ ਨੈਨ, ਢਾਣੀ ਗੋਪਾਲ ਵਿੱਚ ਰਾਮਸਵਰੂਪ, ਫਤਿਹਾਬਾਦ ਵਿੱਚ ਜਗਤਾਰ ਸਿੰਘ ਤੇ ਹੋਰ ਕਿਸਾਨ ਆਗੂਆਂ ਨੇ ਮੁਜ਼ਾਹਰਿਆਂ ਦੀ ਅਗਵਾਈ ਕੀਤੀ।
ਜੀਂਦ (ਮਹਾਂਵੀਰ ਮਿੱਤਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨਾਂ-ਮਜ਼ਦੂਰਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚਲਾਏ ਗਏ ਅੰਦੋਲਨਾਂ ਦੇ 6 ਮਹੀਨੇ ਪੂਰੇ ਅਤੇ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ’ਤੇ ਅੱਜ ਜੀਂਦ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਾਲਾ ਦਿਵਸ ਮਨਾਇਆ। ਟੌਲ ਪਲਾਜ਼ਿਆਂ ’ਤੇ ਜਾਰੀ ਧਰਨਿਆਂ ਵਿੱਚ ਅੱਜ ਕਿਸਾਨ ਕਾਲੀ ਪੱਟੀ ਅਤੇ ਔਰਤਾਂ ਕਾਲੀ ਚੁੰਨੀ ਲੈ ਕੇ ਪਹੁੰਚੀਆਂ ਸਨ। ਇਸੇ ਤਰ੍ਹਾਂ ਜੀਂਦ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਕਿਸਾਨਾਂ ਨੇ ਮੋਦੀ ਦੇ ਪੁਤਲੇ ਸਾੜੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਥੇ ਕੇਵਾਈਐੱਸ ਨੇ ਕਿਸਾਨਾਂ ਦਾ ਸਮਰਥਨ ਵੀ ਕੀਤਾ ਤੇ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ । ਇਸੇ ਤਰ੍ਹਾਂ ਖਟਕੜ ਟੌਲ ਪਲਾਜ਼ਾ ਦੇ ਕੋਲ ਚੱਲ ਰਹੇ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਆਜ਼ਾਦ ਸਿੰਘ ਪਾਲਵਾਂ ਨੇ ਕਿਹਾ ਕਿ ਕਿਸਾਨ ਸੰਗਠਨਾਂ ਨਾਲ ਜੁੜੇ ਲੋਕ ਯੋਗ ਗੁਰੂ ਰਾਮ ਦੇਵ ਦੁਆਰਾ ਬਣਾਈ ਕਰੋਨਾ ਰੋਕੂ ਵੈਕਸੀਨ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਰਾਮ ਦੇਵ ਦਾ ਕਿਸਾਨਾਂ ਨੇ ਪਹਿਲਾਂ ਤੋਂ ਹੀ ਬਾਈਕਾਨ ਕੀਤਾ ਹੋਇਆ ਹੈ।
ਸ਼ਾਹਬਾਦ ਵਿੱਚ ਕਿਸਾਨਾਂ ਨੇ ਕਾਲਾ ਦਿਨ ਮਨਾਇਆ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਭਾਰਤੀ ਕਿਸਾਨ ਯੂਨੀਅਨ ਦੀ ਸਥਾਨਕ ਇਕਾਈ ਵਲੋਂ ਜਿਥੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਆਲੋਚਨਾ ਕੀਤੀ ਗਈ ਤੇ ਉਥੇ ਹੀ ਉਲੀਕੇ ਪ੍ਰੋਗਰਾਮ ਮੁਤਾਬਿਕ ਐੈੇੱਸਡੀਐੱਮ ਦਫਤਰ ਦੇ ਮੂਹਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਭਾਕਿਯੂ ਦੇ ਸੂਬਾ ਮੀਡੀਆ ਇੰਚਾਰਜ ਰਾਕੇਸ਼ ਬੈਂਸ ਤੇ ਜ਼ਿਲ੍ਹੇ ਦੇ ਬੁਲਾਰੇ ਪ੍ਰਿੰਸ ਵੜੈਚ ਨੇ ਦੱਸਿਆ ਕਿ ਕਿਸਾਨ ਅੰਦੋਲਨ ਨੂੰ ਚੱਲਦਿਆਂ 6 ਮਹੀਨੇ ਹੋ ਗਏ ਹਨ ਤੇ ਅੰਦੋਲਨ ਵਿਚ ਕਰੀਬ 470 ਤੋਂ ਜ਼ਿਆਦਾ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ, ਪਰ ਮੋਦੀ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣੀ ਹੈ ਉਸ ਵੇਲੇ ਤੋਂ ਦੇਸ਼ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਕਿਸਾਨ ਵਿਰੋਧੀ ਸ਼ਾਸਨ ਰਿਹਾ ਹੈ। ਇਸ ਤੋਂ ਇਲਾਵਾ ਜੀਟੀਰੋਡ ਰਤਨਗੜ੍ਹ, ਥਾਣਾ ਟੌਲ ਪਲਾਜ਼ਾ, ਬਾਬੈਨ ਦੀ ਅਨਾਜ ਮੰਡੀ, ਰਾਦੌਰ ਦੇ ਬੰਸਲ ਹਸਪਤਾਲ ਦੇ ਸਾਹਮਣੇ ਵੀ ਮੋਦੀ ਦੇ ਪੁਤਲੇ ਸਾੜੇ ਗਏ। ਇਸ ਮੌਕੇ ਬਲਾਕ ਪ੍ਰਧਾਨ ਹਰਕੇਸ਼ ਖਾਨਪੁਰ, ਜਸਬੀਰ ਸਿੰਘ ਮਾਮੂਮਾਜਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ।