ਪ੍ਰਭੂ ਦਿਆਲ
ਸਿਰਸਾ, 3 ਫਰਵਰੀ
ਇਥੇ ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੇ ਦੱਸਿਆ ਕਿ ਕਿਸਾਨ ਸੰਘਰਸ਼ ਦੌਰਾਨ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਕਿਸਾਨਾਂ ਵੱਲੋਂ 7 ਫਰਵਰੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਪੱਕਾ ਮੋਰਚਾ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨ ਸੰਘਰਸ਼ ਦੌਰਾਨ ਐੱਮਐੱਸਪੀ, ਸ਼ਹੀਦ ਹੋਏ ਕਿਸਾਨਾਂ ਤੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਮਦਦ, ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਿਸ ਲੈਣ ਦੀਆਂ ਮੰਗਾਂ ਦੀ ਪੂਰਤੀ ਸਬੰਧੀ ਇਸ ਮੋਰਚੇ ਨੂੰ ਸਫ਼ਲ ਬਣਾਉਣ ਲਈ ਪਿੰਡਾਂ ’ਚ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਦਿਨ ਵੱਡੀ ਗਿਣਤੀ ਕਿਸਾਨ ਕਰਨਾਲ ਪੁੱਜਣਗੇ। ਉਹ ਅੱਜ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਨੂੰ ਕਰਨਾਲ ਪੁੱਜਣ ਲਈ ਲਾਮਬੰਦ ਕਰ ਰਹੇ ਸਨ। ਕਿਸਾਨ ਆਗੂ ਨੇ ਕਿਹਾ ਕਿ ਨਾ ਤਾਂ ਹਾਲੇ ਐੱਮਐੱਸਪੀ ਲਈ ਕਮੇਟੀ ਬਣਾਏ ਜਾਣ ਬਾਰੇ ਕੋਈ ਗੱਲ ਹੋਈ ਹੈ ਤੇ ਨਾ ਹੀ ਕਿਸਾਨਾਂ ’ਤੇ ਦਰਜ ਕੇਸ ਵਾਪਿਸ ਲਏ ਜਾ ਰਹੇ ਹਨ। ਹਾਲੇ ਤੱਕ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਸਹਾਇਤ ਵੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਸੂਬੇ ਦੀਆਂ ਕਈ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਸੱਦਾ ਦਿੱਤਾ ਹੋਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿਰਸਾ ਤੋਂ ਸੈਂਕੜੇ ਕਿਸਾਨ ਕਰਨਾਲ ਪੁੱਜਣਗੇ।
ਇਸ ਮੌਕੇ ਸੁਖਵਿੰਦਰ ਸਾਦੇਵਾਲਾ, ਵੇਦ ਪ੍ਰਕਾਸ਼ ਫਰਵਾਈ, ਮਨਫੂਲ ਕੁਸੁੰਬੀ, ਲੇਖ ਰਾਮ ਜੋੜਕੀਆਂ, ਸੁਭਾਸ਼ ਕੇਲਨੀਆਂ, ਗੁਰਪ੍ਰੀਤ ਸਾਹੁਵਾਲਾ, ਗੁਗਨ ਰਾਮ, ਪੱਪੂ ਸਿੰਘ ਖੈਰੇਕਾਂ, ਗੁਲਾਬ ਬੇਗੂ, ਘਨਸ਼ਾਨ ਢੁਕੜਾ ਆਦਿ ਸਮੇਤ ਅਨੇਕ ਕਿਸਾਨ ਉਨ੍ਹਾਂ ਨਾਲ ਮੌਜੂਦ ਸਨ।