ਪੱਤਰ ਪ੍ਰੇਰਕ
ਰਤੀਆ, 20 ਅਗਸਤ
ਭਾਰਤੀ ਕਿਸਾਨ ਯੂਨੀਅਨ (ਖੇਤੀ ਬਚਾਓ) ਦੇ ਮੈਂਬਰਾਂ ਦੀ ਇਕ ਮੀਟਿੰਗ ਇੱਥੋਂ ਦੇ ਗੁਰਦੁਆਰਾ ਅਜੀਤਸਰ ਸਾਹਿਬ ਵਿੱਚ ਹੋਈ। ਮੀਟਿੰਗ ਵਿਚ ਸਾਂਝਾ ਸਯੁੰਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਸੱਦੇ ’ਤੇ ਦਿੱਲੀ ਦੇ ਜੰਤਰ ਮੰਤਰ ’ਤੇ 22 ਅਗਸਤ ਨੂੰ ਧਰਨਾ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦੀ ਯੋਜਨਾ ਉਲੀਕੀ ਗਈ। ਇਸ ਸਬੰਧੀ ਪ੍ਰਧਾਨ ਜਰਨੈਲ ਸਿੰਘ ਮੱਲਵਾਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਐੱਮ.ਐੱਸ.ਪੀ ਅਤੇ ਬਿਜਲੀ ਸੋਧ ਬਿੱਲ ਸਬੰਧੀ ਵਾਅਦਾਖਿਲਾਫੀ, ਕਿਸਾਨਾਂ ਦਾ ਸੰਪੂਰਨ ਕਰਜ਼ਾ ਮੁਆਫ਼ ਕਰਵਾਉਣ ਅਤੇ ਲਖੀਮਪੁਰ ਖੀਰੀ ਹਿੰਸਾ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨਿਆਂ ਦਿਵਾਉਣ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੀ ਮੰਤਰੀ ਮੰਡਲ ਤੋਂ ਬਰਖਾਸਤਗੀ ਦੀ ਮੰਗ ਨੂੰ ਲੈ ਕੇ ਗੈਰ ਰਾਜਨੀਤਿਕ ਕਿਸਾਨ ਜਥੇਬੰਦੀਆਂ ਵਲੋਂ ਬਹੁਤ ਵੱਡੇ ਪੱਧਰ ’ਤੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੰਤਰ ਮੰਤਰ ’ਤੇ ਜਾਣ ਲਈ ਉਨ੍ਹਾਂ ਦਾ ਜੱਥਾ ਕਾਫਲੇ ਦੇ ਰੂਪ ਵਿਚ 22 ਅਗਸਤ ਨੂੰ ਸਵੇਰੇ 5 ਵਜੇ ਗੁਰਦੁਆਰਾ ਅਜੀਤਸਰ ਸਾਹਿਬ ਤੋਂ ਰਵਾਨਾ ਹੋਵੇਗਾ। ਇਸ ਮੌਕੇ ਰਾਜਵਿੰਦਰ ਸਿੰਘ ਚਹਿਲ, ਰਾਕੇਸ਼ ਕੰਬੋਜ, ਇਕਬਾਲ ਸਿੰਘ ਖੋਖਰ, ਜਥੇਦਾਰ ਗੁਰਚਰਨ ਸਿੰਘ, ਬੰਸੀ ਲਾਲ ਸਿਹਾਗ, ਬੇਗ ਰਾਜ ਫੁਲਾਂ, ਬਲਵਿੰਦਰ ਸਿੰਘ ਖੋਖਰ, ਐਡਵੋਕੇਟ ਟੇਕ ਸਿੰਘ ਚਹਿਲ, ਧਰਮਪਾਲ ਮਹੇਲਾ, ਰਾਮ ਜਾਟ, ਮਨਜੀਤ ਸਿੰਘ ਬਾਹਮਣਵਾਲਾ, ਸਤਨਾਮ ਸਿੰਘ ਲਾਂਬਾ, ਕੁਲਦੀਪ ਸਿੰਘ ਬਰਾੜ, ਦਰੀਆ ਸਿੰਘ ਪੁਨੀਆ, ਇੰਦਰਜੀਤ ਸਿੰਘ, ਸਾਧੂ ਸਿੰਘ ਦਾਦੂਪੁਰ, ਰਵਿੰਦਰ ਕਸਵਾਂ, ਰਾਮੇਸ਼ਵਰ ਅਤੇ ਮੇਜਰ ਸਿੰਘ ਨਾਗਪੁਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।