ਪੱਤਰ ਪ੍ਰੇਰਕ
ਪਿਹੋਵਾ, 10 ਅਗਸਤ
ਹਰਿਆਣਾ ਡੈਮੋਕੈਰਟਿਕ ਫਰੰਟ ਦੇ ਪ੍ਰਧਾਨ ਚੌਧਰੀ ਨਿਰਮਲ ਸਿੰਘ ਨੇ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਲਈ ਚੰਗੀ ਨੀਤੀਆਂ ਨਾ ਘੜਨ ਕਰ ਕੇ ਕਿਸਾਨ ਤਬਾਹ ਹੋਣ ਕੰਢੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਉਤੋਂ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਤਿੰਨ ਨਵੇਂ ਕਾਨੂੰਨ ਬਣਾ ਦਿੱਤੇ ਹਨ, ਜੋ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਵੱਲ ਧੱਕ ਦੇਣਗੇ।
ਦੱਸਣਯੋਗ ਹੈ ਕਿ ਚੌਧਰੀ ਨਿਰਮਲ ਸਿੰਘ ਪਿਹੋਵਾ ਦੇ ਪਿੰਡ ਜੁਰਾਸੀ, ਕਲਸਾ ਅਤੇ ਕਰਾਹ ਸਾਹਿਬ ਦਾ ਦੌਰਾ ਕਰ ਕੇ ਪਿੰਡ ਵਾਸੀਆਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫਰੰਟ ਸਾਂਝੀ ਸਿਆਸੀ ਸੋਚ ਰੱਖਣ ਵਾਲੇ ਸਾਥੀਆਂ ਦਾ ਮੰਚ ਹੈ, ਜਿਸ ਦੇ ਗਠਨ ਦਾ ਮੁੱਖ ਉਦੇਸ਼ ਲੋਕ ਭਲਾਈ ਦੇ ਮੁੱਦੇ ਲਈ ਆਵਾਜ਼ ਬੁਲੰਦ ਕਰਨਾ ਹੈ ਅਤੇ ਲੋਕਾਂ ਨੂੰ ਇਨਸਾਫ਼ ਦਿਵਾਉਣਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀ ਗਲਤ ਨੀਤੀਆਂ ਕਾਰਨ ਹਰਿਆਣਾ ’ਤੇ ਕਰਜ਼ ਵੱਧ ਕੇ 1 ਲੱਖ 98 ਹਜ਼ਾਰ ਕਰੋੜ ਰੁਪਏ ਹੋ ਚੁੱਕਿਆ ਹੈ। ਭਾਜਪਾ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਤੇ ਇਸ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ। ਇਸ ਮੌਕੇ ਐਡਵੋਕੇਟ ਵੀਰਭਾਨ ਬਾਖਲੀ, ਬਲਵਿੰਦਰ ਸੈਣੀ, ਸੁੱਚਾ ਸਿੰਘ, ਗੋਲਡੀ, ਵਿੱਕੀ ਆਦਿ ਮੌਜੂਦ ਸਨ।